ਸੰਜੀਵ ਤੇਜਪਾਲ
ਮੋਰਿੰਡਾ, 2 ਅਪਰੈਲ
ਸ਼ਹਿਰ ਵਿੱਚ ਚੱਲ ਰਹੇ ਸੀਵਰੇਜ ਦੇ ਕੰਮ ਵਿੱਚ ਜ਼ਿਆਦਾ ਸਮਾਂ ਲੱਗਣ ਕਾਰਨ ਸੀਵਰੇਜ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਇਸ ਸਬੰਧੀ ਮੋਹਣ ਸਿੰਘ, ਮੋਹਣ ਲਾਲ ਵੀਰਜੀ, ਤੇਜਪਾਲ ਸਿੰਘ ਕੰਗ, ਤੀਰਥ ਸਿੰਘ, ਸੰਜੀਵ ਕੁਮਾਰ, ਲਖਵੀਰ ਸਿੰਘ, ਜਗਪਾਲ ਸਿੰਘ ਕੰਗ ਤੇ ਦਲਜੀਤ ਸਿੰਘ ਆਦਿ ਨੇ ਦੱਸਿਆ ਕਿ ਮੋਰਿੰਡਾ ਵਿੱਚ ਪਿਛਲੇ 6 ਮਹੀਨਿਆਂ ਤੋਂ ਸੀਵਰੇਜ ਵਿਭਾਗ ਦੀ ਮਾੜੀ ਕਾਰਗੁਜ਼ਾਰੀ ਕਾਰਨ ਸ਼ਹਿਰ ਵਾਸੀਆਂ ਤੇ ਰਾਹਗੀਰਾਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ। ਵਿਭਾਗ ਵੱਲੋਂ ਇੱਕ ਵੀ ਇਲਾਕੇ ਦਾ ਕੰਮ ਮੁਕੰਮਲ ਨਹੀਂ ਕੀਤਾ ਗਿਆ। ਸਿਰਫ਼ ਜੇਸੀਬੀ ਅਤੇ ਪੋਕਲੇਨ ਰਾਹੀਂ ਸੜਕਾਂ ਪੁੱਟ-ਪੁੱਟ ਕੇ ਛੱਡੀਆਂ ਜਾ ਰਹੀਆਂ ਹਨ। ਜਿੱਥੋਂ ਵਿਭਾਗ ਵੱਲੋਂ ਸੜਕ ਪੁੱਟ ਲਈ ਜਾਂਦੀ ਹੈ, ਉੱਥੇ ਕਈ ਥਾਂ ਤਾਂ ਪਾਈਪ ਪਾ ਕੇ ਹੀ ਕੰਮ ਬੰਦ ਕਰ ਦਿੱਤਾ ਜਾਂਦਾ ਹੈ ਤੇ ਕਈ ਥਾਈਂ ਤਾਂ ਖੱਡੇ ਪੁੱਟੇ ਹੀ ਰਹਿ ਜਾਂਦੇ ਹਨ। ਪੁਰਾਣੀ ਬੱਸੀ ਰੋਡ ਮੋਰਿੰਡਾ ’ਤੇ ਕ੍ਰਿਸ਼ਨਾ ਮਾਰਕੀਟ ਸਟੋਰ ਅੱਗੇ ਮਗਰਲੇ ਇੱਕ ਮਹੀਨੇ ਤੋਂ ਇੱਕ ਪੋਕਲੇਨ ਖੜ੍ਹੀ ਹੈ। ਇਸ 100 ਮੀਟਰ ਦੇ ਇਲਾਕੇ ਵਿੱਚ ਚੰਗੀ-ਭਲੀ ਸੜਕ ਪੁੱਟ ਕੇ ਛੱਡੀ ਪਈ ਹੈ। ਖੱਡੇ ਪੈਣ ਕਾਰਨ ਆਵਾਜਾਈ ਵਿੱਚ ਸਮੱਸਿਆ ਆ ਰਹੀ ਹੈ।
ਅਨਾਜ ਮੰਡੀ ਮੋਰਿੰਡਾ ਵਿੱਚ ਕਣਕ ਦਾ ਸੀਜ਼ਨ ਸਿਰ ’ਤੇ ਹੈ। ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਵੀ ਸੀਵਰੇਜ ਵਾਲਿਆਂ ਨਾਲ ਦੋ-ਤਿੰਨ ਵਾਰ ਮੀਟਿੰਗ ਕੀਤੀ ਜਾ ਚੁੱਕੀ ਹੈ ਪਰ ਸੀਵਰੇਜ ਦਾ ਇੱਕ ਵੀ ਇਲਾਕਾ ਹਾਲੇ ਤੱਕ ਮੁਕੰਮਲ ਨਹੀਂ ਕੀਤਾ ਗਿਆ। ਇਸ ਸਮੱਸਿਆ ਸਬੰਧੀ ਜਦੋਂ ਐਕਸੀਅਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੋਰਿੰਡਾ ਦੇ ਸੀਵਰੇਜ ਨੂੰ ਮੁਕੰਮਲ ਕਰਨ ਲਈ ਅਜੇ ਇੱਕ ਸਾਲ ਹੋਰ ਲੱਗੇਗਾ।
ਵਿਭਾਗ ਦੇ ਅਧਿਕਾਰੀਆਂ ਨੂੰ ਜਾਣੂ ਕਰਾਵਾਂਗੇ: ਵਿਧਾਇਕ
ਇਸ ਮਾਮਲੇ ਬਾਰੇ ਜਦੋਂ ਵਿਧਾਇਕ ਡਾ. ਚਰਨਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੀਵਰੇਜ ਵਿਭਾਗ ਦੇ ਉੱਚ-ਅਧਿਕਾਰੀਆਂ ਨੂੰ ਮੋਰਿੰਡਾ ਵਿੱਚ ਲਿਆ ਕੇ ਕੰਮ ਦੀ ਗੁਣਵੱਤਾ ਅਤੇ ਗਤੀ ਬਾਰੇ ਜਾਣੂ ਕਰਵਾਇਆ ਜਾਵੇਗਾ।