ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਦਸੰਬਰ
ਇੱਥੇ ਮਿਟਲਰੀ ਲਿਟਰੇਚਰ ਫੈਸਟੀਵਲ-2021 ਦੇ ਦੂਜੇ ਦਿਨ ‘ਬਰੇਵ ਹਾਰਟ ਬਾਈਕਰਜ਼ ਗਰੁੱਪ’ ਨੇ ਮੋਟਰਸਾਈਕਲ ਰੈਲੀ ਕੱਢੀ ਜਿਸ ਨੂੰ ਫੈਸਟੀਵਲ ਦੇ ਜਨਰਲ ਸਕੱਤਰ ਡੀਪੀਐੱਸ ਵੜੈਚ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਫੈਸਟੀਵਲ ਵਿੱਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ 400 ਦੇ ਕਰੀਬ ਮੋਟਰਸਾਈਕਲ ਸਵਾਲਾਂ ਨੇ ਹਿੱਸਾ ਲਿਆ ਜਿਨ੍ਹਾਂ ਨੇ ਚੰਡੀਗੜ੍ਹ ਵਿੱਚ ਸਥਿਤ ਚੰਡੀਗੜ੍ਹ ਕਲੱਬ ਤੋਂ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਤੱਕ ਰੈਲੀ ਕੱਢੀ।
ਪ੍ਰਾਪਤ ਜਾਣਕਾਰੀ ਅਨੁਸਾਰ ਕਰੋਨਾ ਪਾਬੰਦੀਆਂ ਦੇ ਚਲਦਿਆਂ ਇਸ ਸਾਲ ਵੀ ਮਿਲਟਰੀ ਲਿਟਰੇਚਰ ਫੈਸਟੀਵਲ ਵਰਚੁਅਲ ਕਰਵਾਇਆ ਜਾ ਰਿਹਾ ਹੈ ਪਰ ਫੈਸਟੀਵਲ ਦੇ ਦੂਜੇ ਦਿਨ ਮੋਟਰਸਾਈਕਲ ਰੈਲੀ ਹਰ ਵਾਰ ਦੀ ਤਰ੍ਹਾਂ ਜ਼ਰੂਰ ਕਰਵਾਈ ਗਈ ਹੈ। ਮੋਟਰਸਾਈਕਲ ਰੈਲੀ ਦੀ ਸ਼ੁਰੂਆਤ ਤੋਂ ਪਹਿਲਾਂ ਸਾਰਿਆਂ ਨੇ ਜਨਰਲ ਬਿਪਿਨ ਰਾਵਤ ਤੇ ਉਨ੍ਹਾਂ ਦੀ ਪਤਨੀ ਸਣੇ ਹੋਰਨਾਂ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਮੋਟਰਸਾਈਕਲ ਚਾਲਕ ਸੰਜੀਵ ਕੁਮਾਰ ਨੇ ਫੈਸਟੀਵਲ ਕਰਵਾਉਣ ਲਈ ਪ੍ਰਬੰਧਾਂ ਦੇ ਕਾਰਜ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਹ ਸਦਾ ਹੀ ਨੌਜਵਾਨਾਂ ਨੂੰ ਫੌਜ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਦੇ ਹਨ ਅਤੇ ਸਮੇਂ-ਸਮੇਂ ’ਤੇ ਅਜਿਹੇ ਸਮਾਜ ਸੇਵੀ ਕੰਮਾਂ ਵਿੱਚ ਸ਼ਮੂਲੀਅਤ ਕਰਦੇ ਹਨ।