ਪੱਤਰ ਪ੍ਰੇਰਕ
ਚੰਡੀਗੜ੍ਹ, 16 ਮਾਰਚ
ਨੌਜਵਾਨ ਏਕਤਾ ਮੰਚ ਵੱਲੋਂ ਸ਼ਹੀਦ ਨਵਰੀਤ ਸਿੰਘ ਨੂੰ ਸਮਰਪਿਤ ਮੋਟਰਸਾਈਕਲ ਰੈਲੀ ਕੀਤੀ ਗਈ। ਇਹ ਰੈਲੀ ਪੰਜਾਬ ’ਵਰਸਿਟੀ ਦੇ ਗੇਟ ਨੰਬਰ-2 ਤੋਂ ਸ਼ੁਰੂ ਹੋ ਕੇ ਵੱਖ-ਵੱਖ ਸੈਕਟਰਾਂ ਵਿੱਚੋਂ ਦੀ ਹੁੰਦੀ ਹੋਈ ਮਟਕਾ ਚੌਕ ਸੈਕਟਰ-17 ਜਾ ਕੇ ਸਮਾਪਤ ਹੋਈ।
ਰੈਲੀ ਵਿੱਚ ਵਿੱਚ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਅਤੇ ਨਵਦੀਪ ਸਿੰਘ ਸ਼ਾਮਲ ਹੋਏ। ਸ੍ਰੀ ਫੂਲ ਨੇ ਕਿਹਾ ਕਿ ਨੌਜਵਾਨਾਂ ਦੀ ਮੋਰਚੇ ਵਿੱਚ ਅਹਿਮ ਭੂਮਿਕਾ ਹੈ। ਨੌਜਵਾਨਾਂ ਅਤੇ ਕਿਸਾਨ ਆਗੂਆਂ ਵਿਚ ਕੋਈ ਵਖਰੇਂਵੇ ਨਹੀਂ ਹਨ, ਭਰਮ ਹਨ।
ਇਸ ਤੋਂ ਇਲਾਵਾ ਹੱਲੋਮਾਜਰਾ ਵਿਚ ਹੋਈ ਜ਼ਬਰਜਨਾਹ ਘਟਨਾ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੇ ਇਸ ਲਈ ਸੰਘਰਸ਼ ਕਰ ਰਹੇ ਨੌਜਵਾਨਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਕੰਢੀ ਇਲਾਕੇ ਵਿੱਚ ਦੀਨ ਦਿਆਲ ਉਪਾਧਿਆਏ ਗ੍ਰਾਮ ਜਯੋਤੀ ਯੋਜਨਾ ਜਿਸ ਹੇਠ ਖੇਤਾਂ ਅਤੇ ਘਰਾਂ ਦੀ ਬਿਜਲੀ ਅੱਡ ਕਰਨ ਦਾ ਵਿਰੋਧ ਕੀਤਾ।
ਨੌਜਵਾਨ ਏਕਤਾ ਮੰਚ ਵੱਲੋਂ ਅਰਸ਼ਦੀਪ ਨੇ ਨਵਰੀਤ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਖੇਤੀ ਕਾਨੂੰਨ ਰੱਦ ਹੋਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।