ਹਰਜੀਤ ਸਿੰਘ
ਡੇਰਾਬੱਸੀ, 31 ਜੁਲਾਈ
ਇੱਥੋਂ ਲੰਘ ਰਹੀ ਰੇਲਵੇ ਲਾਈਨ ’ਤੇ ਫਾਟਕਾਂ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਉਸਾਰੇ ਰੇਲਵੇ ਅੰਡਰਪਾਥ ਇਲਾਕਾ ਵਾਸੀਆਂ ਲਈ ਸਿਰਦਰਦੀ ਬਣੇ ਹੋਏ ਹਨ। ਇਨ੍ਹਾਂ ਅੰਡਰਪਾਥਾਂ ’ਤੇ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇੱਥੇ ਪਾਣੀ ਭਰ ਜਾਂਦਾ ਹੈ। ਲੰਘੇ ਦਿਨਾਂ ਤੋਂ ਪੈ ਰਹੇ ਭਰਵੇਂ ਮੀਂਹ ਦੌਰਾਨ ਇੱਥੋਂ ਦੇ ਮੁਬਾਰਿਕਪੁਰ, ਜਨੇਤਪੁਰ ਅਤੇ ਜ਼ੀਰਕਪੁਰ ਵਿੱਚ ਸਥਿਤ ਗਾਜ਼ੀਪੁਰ ਅੰਡਰਪਾਥ ਨੇ ਛੱਪੜ ਦਾ ਰੂਪ ਧਾਰਿਆ ਹੋਇਆ ਹੈ। ਸਥਾਨਕ ਲੋਕ ਆਪਣੀ ਜਾਨ ਨੂੰ ਜ਼ੋਖ਼ਮ ਵਿੱਚ ਪਾ ਕੇ ਇੱਥੋਂ ਲੰਘ ਰਹੇ ਹਨ। ਜਾਣਕਾਰੀ ਅਨੁਸਾਰ ਇੱਥੋਂ ਲੰਘ ਰਹੀ ਅੰਬਾਲਾ ਕਾਲਕਾ ਰੇਲਵੇ ਲਾਈਨ ’ਤੇ ਫਾਟਕਾਂ ’ਤੇ ਲੱਗਣ ਵਾਲੇ ਜਾਮ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਇੱਥੇ ਲੱਖਾਂ ਰੁਪਏ ਖਰਚ ਕਰ ਰੇਲਵੇ ਅੰਡਰਪਾਥ ਉਸਾਰੇ ਗਏ ਸਨ। ਇੱਥੋਂ ਦੇ ਪਿੰਡ ਜਨੇਤਪੁਰ ਵਿੱਚ ਉਸਾਰੇ ਅੰਡਰਪਾਥ ਵਿੱਚ ਲੰਘੇ ਵਰ੍ਹਿਆਂ ਦੌਰਾਨ ਭਰੇ ਲੰਘ ਰਹੇ ਇੱਕ ਟਰੈਕਟਰ ਟਰਾਲੀ ਚਾਲਕ ਕਿਸਾਨ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਸੀ। ਇਸਦੇ ਬਾਵਜੂਦ ਪ੍ਰਸ਼ਾਸਨ ਆਪਣੀ ਕੁੰਭਕਰਨੀ ਨੀਂਦ ਤੋਂ ਨਹੀਂ ਜਾਗਿਆ ਅਤੇ ਅੰਡਰਪਾਥਾਂ ਵਿੱਚ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਨਹੀਂ ਕੀਤੇ ਗਏ। ਐੱਸਡੀਐੱਮ ਡੇਰਾਬੱਸੀ ਕੁਲਦੀਪ ਬਾਵਾ ਨੇ ਕਿਹਾ ਕਿ ਇੱਥੇ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ।