ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗਰੀਬਦਾਸ, 27 ਦਸੰਬਰ
ਇੱਥੇ ਵੱਡੀ ਗਿਣਤੀ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਹਨ। ਕੂੜੇ ਵਿੱਚ ਲੱਗੇ ਹੋਏ ਵਾਲਵ ਦੀ ਲੀਕੇਜ ਕਾਰਨ ਦੂਸ਼ਿਤ ਪਾਣੀ ਸਪਲਾਈ ਹੋ ਰਿਹਾ ਹੈ। ਪਿੰਡ ਵਾਸੀਆਂ ਗੁਰਦਾਸ ਸਿੰਘ, ਕੁਲਵੰਤ ਸਿੰਘ ਬੰਟੀ, ਮੋਹਣ ਸਿੰਘ, ਸੁਰਜੀਤ ਸਿੰਘ, ਗੁਰਦੀਪ ਸਿੰਘ, ਸੁਰਿੰਦਰ ਟੇਲਰ, ਸੰਜੇ ਹਵੇਲੀ, ਸੁੱਖੀ, ਭਾਗ ਸਿੰਘ, ਗੁਰਚਰਨ ਸਿੰਘ, ਜਰਨੈਲ, ਕਮਲਜੀਤ ਸਿੰਘ, ਗੁਰਜੀਤ ਸਿੰਘ ਸਮੇਤ ਦੁਕਾਨਦਾਰਾਂ ਨੇ ਦੱਸਿਆ ਕਿ ਪੁਰਾਣੇ ਮੁੱਖ ਮਾਰਗ ਉੱਤੇ ਲੱਗੇ ਸਰਕਾਰੀ ਟਿਊਬਵੈਲ ਦੇ ਸਾਹਮਣੇ ਬਣੀ ਪੁਲੀ ਕੋਲ ਹੀ ਪਾਣੀ ਦੀ ਸਪਲਾਈ ਖੋਲ੍ਹਣ ਅਤੇ ਬੰਦ ਕਰਨ ਵਾਲਾ ਵਾਲਵ ਲਗਾਇਆ ਹੋਇਆ ਹੈ, ਇਹ ਵਾਲਵ ਲੋਕਾਂ ਵੱਲੋਂ ਸੁੱਟੇ ਹੋਏ ਕੂੜਾ ਕਰਕਟ ਵਿੱਚ ਦੱਬਿਆ ਪਿਆ ਹੈ। ਜਦੋਂ ਜਲ ਕਾਮਿਆਂ ਵੱਲੋਂ ਪਾਣੀ ਦੀ ਸਪਲਾਈ ਖੋਲ੍ਹੀ ਜਾਂਦੀ ਹੈ, ਉਦੋਂ ਗੰਦਾ ਪਾਣੀ ਰਲ ਜਾਂਦਾ ਹੈ ਅਤੇ ਉਹੀ ਪਾਣੀ ਅੱਗੇ ਲੋਕਾਂ ਨੂੰ ਸਪਲਾਈ ਹੁੰਦਾ ਹੈ। ਇਸ ਕਾਰਨ ਬਿਮਾਰੀਆਂ ਫੈਲਣ ਦਾ ਡਰ ਹੈ। ਲੋਕਾਂ ਨੇ ਜਲ ਸਪਲਾਈ ਵਿਭਾਗ ਦੇ ਉਚ ਅਧਿਕਾਰੀਆਂ ਸਮੇਤ ਪੰਚਾਇਤ ਕੋਲੋਂ ਮੰਗ ਕੀਤੀ ਕਿ ਵਾਲਵ ਚੁਫੇਰੇ ਹੌਦੀ ਪਹਿਲ ਦੇ ਆਧਾਰ ਉੱਤੇ ਬਣਾਈ ਜਾਵੇ। ਦੂਜੇ ਪਾਸੇ ਵਾਟਰ ਅਪਰੇਟਰ ਸੁਖਦੇਵ ਸਿੰਘ ਮੋਣਾ ਤੇ ਕਰਮਚਾਰੀ ਬ੍ਰਿਜਪਾਲ ਨੇ ਦੱਸਿਆ ਕਿ ਬੱਸ ਅੱਡੇ ਕੋਲ, ਬਾਬਾ ਕਾਲੂ ਸਮਾਧੀ ਕੋਲ ਅਤੇ ਉਕਤ ਟਿਊੁਬਵੈਲ ਕੋਲ ਤਿੰਨ ਵਾਲਵ ਬਿਨਾਂ ਹੌਦੀਆਂ ਤੋਂ ਹਨ, ਉਨ੍ਹਾਂ ਕਿਹਾ ਕਿ ਵਿਭਾਗ ਸਮੇਤ ਪੰਚਾਇਤ ਨੂੰ ਵੀ ਦੱਸਿਆ ਪਰ ਕੋਈ ਸੁਣਵਾਈ ਨਹੀਂ ਹੋਈ। ਸਰਪੰਚ ਜਸਵੰਤ ਸਿੰਘ ਨੇ ਕਿਹਾ ਕਿ ਉਹ ਕੱਲ੍ਹ ਹੀ ਮੌਕਾ ਦੇਖਣਗੇ।