ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 20 ਸਤੰਬਰ
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਮੁਹਾਲੀ ਪੁਲੀਸ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸਾਹਮਣੇ ਸੈਕਟਰ-77 ਵਿੱਚ ਨਾਜਾਇਜ਼ ਝੁੱਗੀਆਂ ਹਟਾ ਕੇ ਖਾਲੀ ਕਰਵਾਈ ਬਹੁ-ਕਰੋੜੀ ਡੰਪਿੰਗ ਗਰਾਊਂਡ ਵਿੱਚ ਤਬਦੀਲ ਹੋਣੀ ਸ਼ੁਰੂ ਹੋ ਗਈ ਹੈ। ਲੋਕਾਂ ਨੇ ਇੱਥੇ ਕੂੜਾ ਕਰਕਟ ਸੁੱਟਣਾ ਸ਼ੁਰੂ ਕਰ ਦਿੱਤਾ ਹੈ। ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਜੱਜ ਤੇ ਆਫੀਸਰ ਕਲੋਨੀ ਦੇ ਵਸਨੀਕਾਂ ਦੀ ਸ਼ਿਕਾਇਤ ’ਤੇ ਦੌਰਾ ਕਰਕੇ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ।
ਇਸ ਤੋਂ ਬਾਅਦ ਡਿਪਟੀ ਮੇਅਰ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਉਕਤ ਜ਼ਮੀਨ ਦੀ ਚਾਰਦੀਵਾਰੀ ਕਰਕੇ ਲੋਕਾਂ ਨੂੰ ਕੂੜਾ ਕਰਕਟ ਸੁੱਟਣ ਤੋਂ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦੀ ਅਣਦੇਖੀ ਕਾਰਨ ਜਿੱਥੇ ਇਹ ਥਾਂ ਡੰਪਿੰਗ ਗਰਾਊਂਡ ਬਣਦੀ ਜਾ ਰਹੀ ਹੈ, ਉੱਥੇ ਇਸ ਜ਼ਮੀਨ ’ਤੇ ਮੁੜ ਨਾਜਾਇਜ਼ ਕਬਜ਼ੇ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਦੱਸਿਆ ਕਿ ਇੱਥੇ ਜ਼ਿਆਦਾਤਰ ਸੇਵਾਮੁਕਤ ਅਧਿਕਾਰੀ ਅਤੇ ਸੀਨੀਅਰ ਸਿਟੀਜ਼ਨ ਰਹਿੰਦੇ ਹਨ। ਜਿਨ੍ਹਾਂ ਨੇ ਖ਼ੁਦ ਆਪਣੇ ਖ਼ਰਚੇ ’ਤੇ ਜੇਸੀਬੀ ਮਸ਼ੀਨਾਂ ਮੰਗਵਾ ਕੇ ਕੂੜਾ ਚੁਕਵਾਇਆ ਸੀ ਪਰ ਲੋਕ ਇੱਥੇ ਟਰਾਲੀਆਂ ਭਰ ਕੇ ਕੂੜਾ ਸੁੱਟ ਜਾਂਦੇ ਹਨ। ਉਨ੍ਹਾਂ ਕਿਹਾ ਕਿ ਗਮਾਡਾ ਦੀ ਇਹ ਮੁੱਢਲੀ ਜ਼ਿੰਮੇਵਾਰੀ ਬਣਦੀ ਹੈ ਕਿ ਇੱਥੇ ਕੰਧ ਬਣਾਈ ਜਾਵੇ ਅਤੇ ਲੋਕਾਂ ਨੂੰ ਸਖ਼ਤੀ ਨਾਲ ਕੂੜਾ ਸੁੱਟਣ ਤੋਂ ਰੋਕਿਆ ਜਾਵੇ।