ਮੁਕੇਸ਼ ਕੁਮਾਰ
ਚੰਡੀਗੜ੍ਹ, 30 ਜੁਲਾਈ
ਚੰਡੀਗੜ੍ਹ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਆਪਣੀਆਂ ਵਪਾਰਕ ਸੰਪਤੀਆਂ ਨੂੰ ਕਿਰਾਏ ਊੱਤੇ ਚੜ੍ਹਾਇਆ ਜਾਵੇਗਾ। ਲੰਮੇਂ ਸਮੇਂ ਤੋਂ ਖਾਲੀ ਪਈਆਂ ਇਨ੍ਹਾਂ ਵਪਾਰਕ ਸੰਪਤੀਆਂ ਨੂੰ ਕਿਰਾਏ ’ਤੇ ਦੇਣ ਲਈ ਨਿਗਮ ਵਲੋਂ ਨਵੇਂ ਸਿਰੇ ਤੋਂ ਸ਼ਰਤਾਂ ਤੈਅ ਕੀਤੀਆਂ ਜਾਣਗੀਆਂ। ਇਸ ਬਾਰੇ ਅੱਜ ਨਗਰ ਨਿਗਮ ਦੀ ਹਾਊਸ ਮੀਟਿੰਗ ਵਿੱਚ ਮਤਾ ਪੇਸ਼ ਕੀਤਾ ਗਿਆ ਜਿਸ ’ਤੇ ਭਰਵੀਂ ਚਰਚਾ ਕੀਤੀ ਗਈ। ਕਰੋਨਾਵਾਇਰਸ ਦੇ ਦੌਰ ਵਿੱਚ ਆਨਲਾਈਨ ਹੋਈ ਇਸ ਮੀਟਿੰਗ ਦੀ ਪ੍ਰਧਾਨਗੀ ਮੇਅਰ ਰਾਜ ਬਾਲਾ ਮਲਿਕ ਨੇ ਕੀਤੀ।
ਮੀਟਿੰਗ ਦੌਰਾਨ ਫੈਸਲਾ ਹੋਇਆ ਕਿ ਇਨ੍ਹਾਂ ਸੰਪਤੀਆਂ ਨੂੰ ਕਿਰਾਏ ’ਤੇ ਦੇਣ ਲਈ ਨਿਗਮ ਹਾਊਸ ਦੀ ਅਗਲੀ ਮੀਟਿੰਗ ਵਿੱਚ ਵਿਸਥਾਰ-ਸਹਿਤ ਖਰੜਾ ਤਿਆਰ ਕਰਕੇ ਪੇਸ਼ ਕੀਤਾ ਜਾਵੇਗਾ। ਚੰਡੀਗੜ੍ਹ ਸ਼ਹਿਰ ਵਿੱਚ ਨਗਰ ਨਗਰ ਨਿਗਮ ਦੇ ਅਧਿਕਾਰ ਖੇਤਰ ਵਿੱਚ ਇਥੇ ਮੌਲੀ ਜਾਗਰਾਂ ਕਲੋਨੀ ਸਥਿਤ 105 ਬੂਥਾਂ ਸਮੇਤ ਸੈਕਟਰ 22 ਤੇ 17 ਬੱਸ ਅੱਡੇ ਨੂੰ ਜੋੜਨ ਵਾਲੇ ਅੰਡਰਪਾਸ ਦੀਆਂ 40 ਦੁਕਾਨਾਂ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਨਿਗਮ ਵਲੋਂ ਇਨ੍ਹਾਂ ਸੰਪਤੀਆਂ ਨੂੰ ਨਿਲਾਮ ਕਰਨ ਲਈ ਪਹਿਲਾਂ ਵੀ ਕਈਂ ਵਾਰ ਕੋਸ਼ਿਸ਼ ਕੀਤੀ ਜਾ ਚੁੱਕੀ ਹੈ ਪਰ ਵੱਧ ਕਿਰਾਏ ਅਤੇ ਸਖਤ ਸ਼ਰਤਾਂ ਕਾਰਨ ਇਨ੍ਹਾਂ ਸੰਪਤੀਆਂ ਦੀ ਨਿਲਾਮੀ ਨੂੰ ਲੈਕੇ ਕੋਈ ਵੀ ਵਿਅਕਤੀ ਨਹੀਂ ਬਹੁੜਿਆ। ਹੁਣ ਆਪਣੇ ਅਰਥਚਾਰੇ ਨੂੰ ਅੱਗੇ ਤੋਰਨ ਲਈ ਤਰਲੋਮੱਛੀ ਹੋ ਰਹੀ ਚੰਡੀਗੜ੍ਹ ਨਗਰ ਨਿਗਮ ਨੂੰ ਲਮੇਂ ਸਮੇਂ ਤੋਂ ਚਿੱਟਾ ਹਾਥੀ ਲੱਗ ਰਹੀਆਂ ਇਨ੍ਹਾਂ ਸੰਪਤੀਆਂ ਦੀ ਯਾਦ ਆਈ ਹੈ।
ਮੀਟਿੰਗ ਦੌਰਾਨ ਨੈੱਟਵਰਕ ਦੀ ਸਮੱਸਿਆ: ਮੀਟਿੰਗ ਦੌਰਾਨ ਕਈ ਕੌਂਸਲਰਾਂ ਨੇ ਨੈਟਵਰਕ ਦੀ ਸਮੱਸਿਆ ਕਾਰਨ ਆਪਣੀ ਪੂਰੀ ਗੱਲ ਨਾ ਕਹਿ ਸਕਣ ਦੀ ਗੱਲ ਆਖੀ। ਉਨ੍ਹਾਂ ਦਾ ਕਹਿਣਾ ਸੀ ਕਿ ਵੀਡੀਓ ਕਾਨਫਰੰਸ ਰਾਹੀਂ ਕੀਤੀ ਜਾ ਰਹੀ ਹਾਊਸ ਮੀਟਿੰਗ ਵਿੱਚ ਨਿਗਮ ਦੇ ਸਮੂਹ ਕੌਂਸਲਰਾਂ ਨੂੰ ਆਪਣੀ ਗੱਲ ਕਹਿਣ ਤੇ ਚਰਚਾ ਵਿੱਚ ਬਰਾਬਰੀ ਦੇ ਹਿੱਸਾ ਦਾ ਮੌਕਾ ਨਹੀਂ ਮਿਲਦਾ। ਊਨ੍ਹਾਂ ਕਿਹਾ ਕਿ ਅਗਲੀ ਹਾਊਸ ਮੀਟਿੰਗ ਦੌਰਾਨ ਅਜਿਹੀ ਸਮੱਸਿਆ ਨਹੀਂ ਆਊਣੀ ਚਾਹੀਦੀ।
ਫਾਇਰ ਮੁਲਾਜ਼ਮਾਂ ਦੀਆਂ ਵਰਦੀਆਂ ਲਈ ਬਜਟ ਨੂੰ ਹਰੀ ਝੰਡੀ
ਮੀਟਿੰਗ ਦੌਰਾਨ ਫਾਇਰ ਵਿਭਾਗ ਦੇ ਮੁਲਾਜ਼ਮਾਂ ਦੀਆਂ ਵਰਦੀਆਂ ਲਈ 47 ਲੱਖ ਰੁਪਏ ਦੇ ਖਰਚੇ ਨੂੰ ਹਰੀ ਝੰਡੀ ਦਿੱਤੀ ਗਈ। ਵੀਡੀਓ ਕਾਨਫਰੰਸ ਰਾਹੀਂ ਕੀਤੀ ਗਈ ਇਸ ਮੀਟਿੰਗ ਦੌਰਾਨ ਗਾਰਬੇਜ ਪ੍ਰਾਸੈਸਿੰਗ ਪਲਾਂਟ ਬਾਰੇ ਵੀ ਚਰਚਾ ਕੀਤੀ ਗਈ। ਪਲਾਂਟ ਦੇ ਸੰਚਾਲਨ ਲਈ ਬਣਾਈ ਗਈ ਕਮੇਟੀ ਵਿੱਚ ਇਲਾਕਾ ਕੌਂਸਲਰਾਂ ਸ਼ੀਲਾ ਫੂਲ ਸਿੰਘ ਅਤੇ ਫਰਮਿਲਾ ਦੇਵੀ ਨੇ ਉਨ੍ਹਾਂ ਦੇ ਨਾਮ ਸ਼ਾਮਲ ਨਾ ਕੀਤੇ ਜਾਣ ’ਤੇ ਸਖਤ ਇਤਰਾਜ਼ ਕੀਤਾ। ਜ਼ਿਕਰਯੋਗ ਹੈ ਕਿ ਨਿਗਮ ਨੇ ਡੱਡੂਮਾਜਰਾ ਸਥਿਤ ਜੇਪੀ ਗਾਰਬੇਜ ਪ੍ਰੋਸੈਸਿੰਗ ਪਲਾਂਟ ਦਾ ਕਬਜ਼ਾ ਲੈਕੇ ਇਸ ਦਾ ਸੰਚਾਲਨ ਆਪਣੇ ਹੱਥਾਂ ਵਿੱਚ ਲੈ ਲਿਆ ਹੈ।