ਆਤਿਸ਼ ਗੁਪਤਾ/ਮੁਕੇਸ਼ ਕੁਮਾਰ
ਚੰਡੀਗੜ੍ਹ, 24 ਦਸੰਬਰ
ਚੰਡੀਗੜ੍ਹ ਨਗਰ ਨਿਗਮ ਦੇ 35 ਵਾਰਡਾਂ ਲਈ ਵੋਟਿੰਗ ਸ਼ਾਂਤਮਈ ਢੰਗ ਨਾਲ ਹੋਈ ਜਿਸ ਵਿੱਚ ਸ਼ਹਿਰ ਦੇ ਲੋਕਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਵੋਟਰਾਂ ਦੇ ਇਕੱਠ ਨੇ ਸਮਾਜਿਕ ਦੁੂਰੀ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ। ਇਸ ਵੇਲੇ ਲੋਕਾਂ ਨੇ ਨਾ ਮਾਸਕ ਦੀ ਵਰਤੋਂ ਕੀਤੀ ਅਤੇ ਨਾ ਹੀ ਦਸਤਾਨਿਆਂ ਦੀ। ਨਿਗਮ ਚੋਣਾਂ ਲਈ ਸਵੇਰੇ 7.30 ਵਜੇ ਤੋਂ ਸ਼ੁਰੂ ਹੋਈ ਵੋਟਿੰਗ ਸ਼ਾਮ 5 ਵਜੇ ਤੱਕ ਚੱਲਦੀ ਰਹੀ ਤੇ ਕੁੱਲ 60.45 ਫ਼ੀਸਦ ਵੋਟਿੰਗ ਹੋਈ। ਇਸ ਦੇ ਨਾਲ ਹੀ ਸ਼ਹਿਰ ’ਚ ਭਾਜਪਾ, ਕਾਂਗਰਸ, ਆਪ, ਸ਼੍ਰੋਮਣੀ ਅਕਾਲੀ ਦਲ ਅਤੇ ਹੋਰਨਾਂ ਸਿਆਸੀ ਦਲਾਂ ਤੇ ਆਜ਼ਾਦ ਤੌਰ ’ਤੇ ਖੜ੍ਹੇ 203 ਉਮੀਦਵਾਰਾਂ ਦੀ ਕਿਸਮਤ ਈਵੀਐੱਮ ’ਚ ਬੰਦ ਕਰ ਦਿੱਤੀ। ਇਨ੍ਹਾਂ ਮਸ਼ੀਨਾਂ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਰੱਖਿਆ ਗਿਆ ਹੈ।
ਚੋਣ ਕਮਿਸ਼ਨ ਅਨੁਸਾਰ ਸਵੇਰੇ 10 ਵਜੇ ਤੱਕ 12.37 ਫ਼ੀਸਦ ਵੋਟਾਂ ਪਈਆਂ, ਦੁਪਹਿਰ 12 ਵਜੇ ਤੱਕ 25.55 ਫ਼ੀਸਦ, 1 ਵਜੇ ਤੱਕ 33.7 ਅਤੇ 3 ਵਜੇ ਤੱਕ 46.89 ਫ਼ੀਸਦ ਵੋਟਾਂ ਪਈਆਂ। ਜਦੋਂ ਕਿ 5 ਵਜੇ ਤੋਂ ਬਾਅਦ ਵੀ ਕਈ ਪੋਲਿੰਗ ਸਟੇਸ਼ਨਾਂ ਦੇ ਅੰਦਰ ਲਾਈਨਾਂ ਲੱਗੀਆਂ ਰਹੀਆਂ। ਨਿਗਮ ਚੋਣਾਂ ਦੌਰਾਨ ਸ਼ਹਿਰੀ ਸੈਕਟਰਾਂ ਦੇ ਮੁਕਾਬਲੇ ਪਿੰਡਾਂ ਅਤੇ ਕਲੋਨੀਆਂ ਨਾਲ ਸਬੰਧਤ ਸੈਕਟਰਾਂ ਵਿੱਚ ਵੱਧ ਵੋਟਿੰਗ ਹੋਈ ਹੈ। ਇਸੇ ਤਰ੍ਹਾਂ ਹੱਲੋ ਮਾਜਰਾ, ਬਾਪੂ ਧਾਮ ਕਲੋਨੀ, ਕਲੋਨੀ ਨੰਬਰ-4, ਇੰਡਸਟ੍ਰੀਅਲ ਏਰੀਆ, ਇੰਦਰਾ ਕਲੋਨੀ, ਈਡਬਲਿਊਐੱਸ ਕਲੋਨੀ, ਮਨੀਮਾਜਰਾ ਵਿੱਚ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੋਕਾਂ ਦੀ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ। ਉੱਥੇ ਹੀ ਚੋਣ ਮੈਦਾਨ ਵਿੱਚ ਨਿੱਤਰੇ ਉਮੀਦਵਾਰ ਵੀ ਆਖਰੀ ਸਮੇਂ ਤੱਕ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ ਕਰਦੇ ਦਿਖਾਈ ਦਿੱਤੇ।
ਉਧਰ, ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਸ਼ਹਿਰੀ ਖੇਤਰ ਦੀ ਤਰਜ਼ ’ਤੇ ਪਿੰਡਾਂ ਦੀਆਂ ਸੜਕਾਂ ਦਾ ਨਿਰਮਾਣ ਕੀਤਾ ਜਾਵੇ। ਸਿੱਖਿਆ ਅਤੇ ਸਿਹਤ ਦੇ ਪੁਖਤਾ ਪ੍ਰਬੰਧ ਕੀਤੇ ਜਾਣ। ਇਸ ਤੋਂ ਇਲਾਵਾ ਲਾਲ ਡੋਰੇ ਤੋਂ ਬਾਹਰ ਦੀਆਂ ਉਸਾਰੀਆਂ ਨੂੰ ਰੈਗੂਲਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਸਾਰੇ ਪਿੰਡ ਨੂੰ ਨਿਗਮ ਵਿੱਚ ਮਰਜ ਕਰ ਦਿੱਤਾ ਗਿਆ ਹੈ ਤਾਂ ਪਿੰਡਾਂ ਦੀ ਜ਼ਮੀਨ ਦਾ ਭਾਅ ਵੀ ਸ਼ਹਿਰੀ ਖੇਤਰ ਦੇ ਬਰਾਬਰ ਕੀਤਾ ਜਾਵੇ।
ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਵਿੱਚ ਹੋਈ ਵੱਧ ਵੋਟਿੰਗ
ਪਿੰਡਾਂ ਨਾਲ ਸਬੰਧਿਤ ਵਾਰਡ ਨੰਬਰ 1, 4, 8, 14, 15, 20 ਹਨ।ਜਿਸ ਵਿੱਚ ਕੈਂਬਵਾਲਾ, ਖੁੱਡਾ ਅਲੀ ਸ਼ੇਰ, ਖੁੱਡਾ ਲਾਹੋਰਾ, ਖੁੱਡੀ ਜੱਸੂ, ਮੌਲੀ ਜੱਗਰਾਂ, ਰਾਏਪੁਰ ਕਲਾਂ, ਮੱਖਣਮਾਜਰਾ, ਰਾਏਪੁਰ ਖੁਰਦ, ਸਾਰਗੰਪੁਰ, ਧਨਾਸ, ਹੱਲੋਮਾਜਰਾ, ਬਹਿਲਾਨਾ ਪਿੰਡ ਸ਼ਾਮਲ ਹਨ। ਇਨ੍ਹਾਂ ਵਾਰਡਾਂ ਵਿੱਚ ਸ਼ਹਿਰੀ ਸੈਕਟਰਾਂ ਦੇ ਮੁਕਾਬਲੇ ਵੱਧ ਵੋਟਿੰਗ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਵਾਰਡ ਨੰਬਰ ਇਕ ਵਿੱਚ ਸ਼ਾਮ 5 ਵਜੇ ਤੱਕ 71.95 ਫ਼ੀਸਦ, ਵਾਰਡ ਨੰਬਰ-8 ਵਿੱਚ 68.86 ਫ਼ੀਸਦ, ਵਾਰਡ ਨੰਬਰ-14 ਵਿੱਚ 66.61 ਫ਼ੀਸਦ, ਵਾਰਡ ਨੰਬਰ-15 ਵਿੱਚ 70.8 ਫ਼ੀਸਦ ਅਤੇ ਵਾਰਡ ਨੰਬਰ-20 ਵਿੱਚ 71.41 ਫ਼ੀਸਦੀ ਵੋਟਾਂ ਪਈਆਂ।
ਵਾਰਡ ਨੰਬਰ 16 ’ਚ ਸਭ ਤੋਂ ਵਧ ਤੇ ਵਾਰਡ ਨੰਬਰ 23 ’ਚ ਸਭ ਤੋਂ ਘੱਟ ਵੋਟਿੰਗ
ਵਾਰਡ ਨੰਬਰ-16 ’ਚ ਸਭ ਤੋਂ ਵੱਧ 72.81 ਫ਼ੀਸਦ ਅਤੇ ਵਾਰਡ ਨੰਬਰ-23 ’ਚ ਸਭ ਤੋਂ ਘੱਟ 42.56 ਫ਼ੀਸਦੀ ਵੋਟਾਂ ਪਈਆਂ ਹਨ। ਦੱਸਣਯੋਗ ਹੈ ਕਿ ਨਗਰ ਨਿਗਮ ਚੋਣਾਂ 2016 ਵਿੱਚ ਕੁੱਲ ਵੋਟਾਂ 59.54 ਫ਼ੀਸਦ ਪਈਆਂ ਸਨ। ਜਦੋਂ ਕਿ ਲੋਕ ਸਭਾ ਚੋਣਾਂ 2019 ਵਿੱਚ 73.6 ਫ਼ੀਸਦੀ ਵੋਟਾਂ ਪਈਆਂ ਸਨ।
ਵੋਟਿੰਗ ਵੇਲੇ ਮੀਡੀਆ ਨੂੰ ਆਈਆਂ ਦਿੱਕਤਾਂ
ਨਗਰ ਨਿਗਮ ਚੋਣਾਂ ਦੀ ਕਵਰੇਜ ਲਈ ਮੀਡੀਆ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਚੋਣ ਕਮਿਸ਼ਨ ਵੱਲੋਂ ਆਈਕਾਰਡ ਜਾਰੀ ਕੀਤੇ ਜਾਣ ਦੇ ਬਾਵਜੂਦ ਸੁਰੱਖਿਆ ਮੁਲਾਜ਼ਮਾਂ ਨੂੰ ਕੋਈ ਜਾਣਕਾਰੀ ਨਹੀਂ ਸੀ ਜਿਸ ਕਰਕੇ ਸੈਕਟਰ-45 ਦੇ ਸਰਕਾਰੀ ਸਕੂਲ ਅਤੇ ਇੰਦਰਾ ਕਾਲੋਨੀ ਸਣੇ ਹੋਰਨਾਂ ਕਈ ਥਾਵਾਂ ’ਤੇ ਪੱਤਰਕਾਰਾਂ ਨੂੰ ਰਿਪੋਰਟਾਂ ਇਕੱਠੀਆਂ ਕਰਨ ’ਚ ਦਿੱਕਤ ਆਈ।
13 ਪਿੰਡਾਂ ਨੇ ਪਹਿਲੀ ਵਾਰ ਨਗਰ ਨਿਗਮ ਚੋਣਾਂ ’ਚ ਕੀਤਾ ਮਤਦਾਨ
ਚੰਡੀਗੜ੍ਹ ਨਗਰ ਨਿਗਮ ਨੇ 13 ਪਿੰਡਾਂ ਨੂੰ ਦੋ ਸਾਲ ਪਹਿਲਾਂ ਹੀ ਨਗਰ ਨਿਗਮ ਅਧੀਨ ਲਿਆਂਦਾ ਸੀ। ਇਹ ਫੈਸਲਾ ਸ਼ਹਿਰ ਵਾਂਗ ਪਿੰਡਾਂ ਦੇ ਵਿਕਾਸ ਦੇ ਮੱਦੇਨਜ਼ਰ ਕੀਤਾ ਗਿਆ ਸੀ। ਇਨ੍ਹਾਂ 13 ਪਿੰਡਾਂ ਦੇ ਲੋਕਾਂ ਨੇ ਵਿਕਾਸ ਦਾ ਸੁਫ਼ਨਾ ਦੇਖ ਕੇ ਪਹਿਲੀ ਵਾਰ ਨਿਗਮ ਚੋਣਾਂ ਵਿੱਚ ਹਿੱਸਾ ਲਿਆ ਹੈ। ਜਿੱਥੇ ਵੋਟਰਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿੱਲ ਰਿਹਾ ਸੀ। ਪੋਲਿੰਗ ਸਟੇਸ਼ਨਾਂ ’ਤੇ ਸਵੇਰ ਤੋਂ ਹੀ ਵੋਟਰਾਂ ਦੀਆਂ ਲਾਈਨਾਂ ਲੱਗੀਆਂ ਰਹੀਆਂ ਜਿਸ ਦੇ ਚਲਦਿਆਂ ਸ਼ਹਿਰੀ ਸੈਕਟਰਾਂ ਦੇ ਮੁਕਾਬਲੇ ਪਿੰਡਾਂ ਦੇ ਪੋਲਿੰਗ ਬੂਥਾਂ ਵਿੱਚ 8 ਤੋਂ 10 ਫ਼ੀਸਦ ਵੱਧ ਵੋਟਿੰਗ ਹੋਈ ਹੈ। ਨਿਗਮ ਚੋਣਾਂ ਵਿੱਚ ਪਿੰਡਾਂ ਨਾਲ ਸਬੰਧਿਤ ਵਾਰਡ ਨੰਬਰ 1, 4, 8, 14, 15, 20 ਹਨ ਜਿਸ ਵਿੱਚ ਮੌਲੀ ਜੱਗਰਾਂ, ਰਾਏਪੁਰ ਕਲਾਂ, ਮੱਖਣਮਾਜਰਾ, ਰਾਏਪੁਰ ਖੁਰਦ, ਸਾਰਗੰਪੁਰ, ਧਨਾਸ, ਹੱਲੋਮਾਜਰਾ, ਬਹਿਲਾਨਾ ਪਿੰਡ ਸ਼ਾਮਲ ਹਨ। ਇਨ੍ਹਾਂ ਵਾਰਡਾਂ ਵਿੱਚ ਸ਼ਹਿਰੀ ਸੈਕਟਰਾਂ ਦੇ ਮੁਕਾਬਲੇ ਵੱਧ ਵੋਟਿੰਗ ਹੋਈ ਹੈ। ਦੱਸਣਯੋਗ ਹੈ ਕਿ ਯੂਟੀ ਪ੍ਰਸ਼ਾਸਨ ਨੇ ਜਨਵਰੀ 2019 ਵਿੱਚ ਸ਼ਹਿਰ ਦੇ 13 ਪਿੰਡਾਂ ਨੂੰ ਨਗਰ ਨਿਗਮ ਅਧੀਨ ਲਿਆਂਦਾ ਗਿਆ ਸੀ ਜਿਸ ਤੋਂ ਬਾਅਦ ਪਿੰਡਾਂ ਦੀ ਦੇਖ-ਰੇਖ ਲਈ ਕੌਂਸਲਰਾਂ ਨੂੰ ਵਾਧੂ ਚਾਰਜ ਦਿੱਤਾ ਗਿਆ ਸੀ। ਇਸ ਦੌਰਾਨ ਪਿੰਡਾਂ ਦਾ ਅਸਲ ਵਿਕਾਸ ਨਹੀਂ ਹੋ ਸੱਕਿਆ ਜੋ ਹੋਣਾ ਚਾਹੀਦਾ ਸੀ। ਪਿੰਡ ਵਾਸੀ ਪਿਛਲੇ ਲੰਬੇ ਸਮੇਂ ਤੋਂ ਵਿਕਾਸ ਕਾਰਜਾਂ ਨੂੰ ਸਿਰੇ ਚਾੜਨ ਦੀਆਂ ਮੰਗ ਕਰ ਰਹੇ ਸਨ।