ਕਰਮਜੀਤ ਸਿੰਘ ਚਿੱਲਾ
ਬਨੂੜ, 13 ਫਰਵਰੀ
ਇਥੇ ਨਗਰ ਕੌਂਸਲ ਚੋਣਾਂ ਲਈ ਪ੍ਰਬੰਧ ਮੁਕੰਮਲ ਹੋ ਗਏ ਹਨ। ਸ਼ਹਿਰ ਦੇ 13 ਪੋਲਿੰਗ ਬੂਥਾਂ ਉੱਤੇ ਪੋੋਲਿੰਗ ਅਮਲਾ ਅਤੇ ਸੁਰੱਖਿਆ ਦਸਤੇ ਪਹੁੰਚ ਗਏ ਹਨ। ਐਤਵਾਰ ਸਵੇਰੇ ਅੱਠ ਵਜੇ ਵੋਟਾਂ ਪੈਣੀਆਂ ਆਰੰਭ ਹੋਣਗੀਆਂ ਤੇ ਚਾਰ ਵਜੇ ਤੱਕ ਵੋਟਾਂ ਪੈਣਗੀਆਂ। ਨਤੀਜੇ 17 ਫਰਵਰੀ ਨੂੰ ਐਲਾਨੇ ਜਾਣਗੇ।
ਕਾਂਗਰਸ ਸਾਰੇ 13 ਵਾਰਡਾਂ ਉੱਤੇ, ਅਕਾਲੀ ਦਲ ਅੱਠ ਵਾਰਡਾਂ ’ਤੇ ਅਤੇ ਆਮ ਆਦਮੀ ਪਾਰਟੀ ਸੱਤ ਵਾਰਡਾਂ ਉੱਤੇ ਪਾਰਟੀ ਨਿਸ਼ਾਨ ’ਤੇ ਚੋਣ ਲੜ ਰਹੀ ਹੈ। ਬਾਕੀ ਵਾਰਡਾਂ ਵਿੱਚ ਅਕਾਲੀ ਅਤੇ ‘ਆਪ’ ਵੱਲੋਂ ਆਜ਼ਾਦ ਉਮੀਦਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ। ਅੱਜ ਉਮੀਦਵਾਰਾਂ ਨੇ ਘਰੋ-ਘਰੀਂ ਜਾ ਕੇ ਵੋਟਰ ਪਰਚੀਆਂ ਵੰਡੀਆਂ ਅਤੇ ਆਪਣੇ ਹੱਕ ਵਿੱਚ ਵੋਟਾਂ ਮੰਗੀਆਂ। ਇਸੇ ਦੌਰਾਨ ਕਾਂਗਰਸੀ ਉਮੀਦਵਾਰਾਂ ਅਵਤਾਰ ਬਬਲਾ, ਸੋਨੀ ਸੰਧੂ, ਹਰਵਿੰਦਰ ਕੌਰ ਡਾਂਗੀ, ਭਜਨ ਲਾਲ, ਪ੍ਰੀਤੀ ਵਾਲੀਆ, ਜਗਦੀਸ਼ ਕਾਲਾ ਆਦਿ ਨੇ ਅੱਜ ਘਰੋ-ਘਰੀਂ ਪ੍ਰਚਾਰ ਕੀਤਾ।
ਇਸੇ ਤਰ੍ਹਾਂ ਅਕਾਲੀ ਦਲ ਦੀ ਮਨਜੀਤ ਕੌਰ, ਮਿੱਠੀ ਸੰਧੂ, ਲਛਮਣ ਸਿੰਘ ਚੰਗੇਰਾ, ਪ੍ਰਭਜੋਤ ਕੌਰ, ਗੁਰਜੀਤ ਕੌਰ ਵੋਟਰਾਂ ਨਾਲ ਸੰਪਰਕ ਕਰਦੇ ਰਹੇ। ਆਜ਼ਾਦ ਉਮੀਦਵਾਰ ਤਨਵੀਰ ਹੁਸੈਨ, ਅੰਜੂ ਰਾਣੀ, ਐਡਵੋਕੇਟ ਕਿਰਨਜੀਤ ਪਾਸੀ, ਨਿੰਮੋ ਦੇਵੀ ਵੀ ਵਾਰਡਾਂ ਵਿੱਚ ਸਰਗਰਮ ਰਹੇ। ਕਾਂਗਰਸ ਦੇ ਸ਼ਹਿਰੀ ਪ੍ਰਧਾਨ ਕੁਲਵਿੰਦਰ ਭੋਲਾ, ਅਕਾਲੀ ਦਲ ਦੇ ਸਾਧੂ ਸਿੰਘ ਖਲੌਰ ਤੇ ‘ਆਪ’ ਦੇ ਬਲਾਕ ਪ੍ਰਧਾਨ ਸਿਕੰਦਰ ਸਿੰਘ ਨੇ ਆਪਣੇ ਉਮੀਦਵਾਰਾਂ ਦੀ ਜਿੱਤ ਦੇ ਦਾਅਵੇ ਕੀਤੇ। ਇਸੇ ਦੌਰਾਨ ਕਈ ਬਜ਼ੁਰਗ ਵੋਟਰਾਂ ਨੇ ਘਰੋ-ਘਰੀਂ ਪ੍ਰਚਾਰ ਕਰ ਰਹੇ ਉਮੀਦਵਾਰਾਂ ਨੂੰ ਆਸ਼ੀਰਵਾਦ ਵੀ ਦਿੱਤੇ ਤੇ ਜਿੱਤ ਦੀ ਕਾਮਨਾ ਕੀਤੀ।
ਮੁਹਾਲੀ ਜ਼ਿਲ੍ਹੇ ਦੇ 195 ਵਾਰਡਾਂ ਲਈ 509 ਪੋਲਿੰਗ ਬੂਥ
ਮੁਹਾਲੀ (ਪੱਤਰ ਪ੍ਰੇਰਕ): ਡੀਸੀ-ਕਮ-ਜ਼ਿਲ੍ਹਾ ਚੋਣਕਾਰ ਅਫ਼ਸਰ ਗਿਰੀਸ਼ ਦਿਆਲਨ ਨੇ ਦੱਸਿਆ ਕਿ 2036 ਪੋਲਿੰਗ ਸਟਾਫ਼ ਨੂੰ ਚੋਣ ਸਮੱਗਰੀ ਅਤੇ ਈਵੀਐਮ ਮਸ਼ੀਨਾਂ ਨਾਲ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਕੀਤਾ ਗਿਆ ਹੈ। ਵੋਟਾਂ ਦੀ ਗਿਣਤੀ ਦਾ ਕੰਮ ਦੋ ਥਾਂ ’ਤੇ ਹੋਵੇਗਾ। ਵਾਰਡ ਨੰਬਰ-1 ਤੋਂ 25 ਦੀਆਂ ਵੋਟਾਂ ਦੀ ਗਿਣਤੀ ਖੇਡ ਸਟੇਡੀਅਮ ਸੈਕਟਰ-78 ਵਿੱਚ ਕੀਤੀ ਜਾਵੇਗੀ ਤੇ ਵਾਰਡ ਨੰਬਰ-26 ਤੋਂ 50 ਤੱਕ ਦੀਆਂ ਵੋਟਾਂ ਦੀ ਗਿਣਤੀ ਪੰਜਾਬ ਮੰਡੀ ਬੋਰਡ ਦੇ ਦਫ਼ਤਰ ਸੈਕਟਰ-65-ਏ ਨਾਲ ਲੱਗਦੀ ਏਸੀ ਸਬਜ਼ੀ ਮੰਡੀ ਦੀ ਇਮਾਰਤ ਵਿੱਚ ਹੋਵਗੀ। ਸ਼ਹਿਰ ਦੇ 50 ਵਾਰਡਾਂ ਲਈ ਕਰੀਬ ਡੇਢ ਲੱਖ ਵੋਟਰ 260 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਚੋਣਾਂ ਲਈ 50 ਵਾਰਡਾਂ ਲਈ 152 ਪੋਲਿੰਗ ਬੂਥ ਬਣਾਏ ਗਏ ਹਨ ਅਤੇ 1 ਲੱਖ 40 ਹਜ਼ਾਰ 901 ਵੋਟਰ ਹਨ। ਐੱਸਡੀਐੱਮ ਜਗਦੀਪ ਸਹਿਗਲ ਅਤੇ ਜ਼ਿਲ੍ਹਾ ਮਾਲ ਅਫ਼ਸਰ ਗੁਰਜਿੰਦਰ ਸਿੰਘ ਬੈਨੀਪਾਲ ਨੂੰ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਸਮੁੱਚੇ ਜ਼ਿਲ੍ਹੇ ਅੰਦਰ ਕੁੱਲ 195 ਵਾਰਡਾਂ ਲਈ 509 ਪੋਲਿੰਗ ਬੂਥ ਬਣਾਏ ਗਏ ਹਨ ਜਿਨ੍ਹਾਂ ’ਚੋਂ 219 ਸੰਵੇਦਨਸ਼ੀਲ ਅਤੇ 48 ਅਤਿ-ਸੰਵੇਦਨਸ਼ੀਲ ਹਨ। ਪੋਲਿੰਗ ਬੂਥ ਅੰਦਰ ਦਾਖ਼ਲ ਹੋਣ ਸਮੇਂ ਹਰੇਕ ਵਿਅਕਤੀ ਦੀ ਥਰਮਲ ਜਾਂਚ ਕੀਤੀ ਜਾਵੇਗੀ ਤੇ ਸਮਾਜਿਕ ਦੂਰੀ ਨੂੰ ਯਕੀਨੀ ਬਣਾਇਆ ਜਾਵੇਗਾ। ਸਾਰੇ ਬੂਥਾਂ ਨੂੰ ਸੈਨੇਟਾਈਜ਼ ਵੀ ਕੀਤਾ ਜਾਵੇਗਾ। ਐੱਸਐੱਸਪੀ ਸਤਿੰਦਰ ਸਿੰਘ ਨੇ ਸਟਰਾਂਗ ਰੂਮਜ਼ ਅਤੇ ਪ੍ਰਸਤਾਵਿਤ ਗਿਣਤੀ ਕੇਂਦਰਾਂ ਦੀ ਚੈਕਿੰਗ ਦੌਰਾਨ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਵੱਖ-ਵੱਖ ਪੋਲਿੰਗ ਬੂਥਾਂ ’ਤੇ 2340 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਜ਼ਿਲ੍ਹੇ ਅੰਦਰ 46 ਨਾਕੇ ਲਗਾਏ ਗਏ ਹਨ। ਇਸ ਤੋਂ ਇਲਾਵਾ 32 ਪੈਟਰੋਲਿੰਗ ਪਾਰਟੀਆਂ ਲਈ 160 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
ਐੱਨਕੇ ਸ਼ਰਮਾ ਤੇ ਦੀਪਇੰਦਰ ਸਿੰਘ ਢਿੱਲੋਂ ਲਈ ਬਣੀ ਵੱਕਾਰ ਦੀ ਲੜਾਈ
ਜ਼ੀਰਕਪੁਰ/ਡੇਰਾਬੱਸੀ (ਹਰਜੀਤ ਸਿੰਘ): ਹਲਕਾ ਡੇਰਾਬੱਸੀ ਨਗਰ ਕੌਂਸਲ ਚੋਣਾਂ ਲਈ ਮੈਦਾਨ ਵਿੱਚ ਚਾਰ ਮੁੱਖ ਪਾਰਟੀਆਂ ਹਨ। ਇਨ੍ਹਾਂ ਵਿੱਚ ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਸ਼ਾਮਲ ਹਨ। ਜ਼ੀਰਕਪੁਰ ਅਤੇ ਡੇਰਾਬੱਸੀ ਦੇ ਕੁਝ ਗਿਣਤੀ ਦੇ ਵਾਰਡਾਂ ਵਿੱਚ ਆਜਾਦ ਉਮੀਦਵਾਰ ਵੀ ਮਜ਼ਬੂਤੀ ਨਾਲ ਡੱਟੇ ਹੋਏ ਹਨ। ਜਿਆਦਾਤਰ ਮੁਕਾਬਲਾ ਅਕਾਲੀ ਦਲ ਅਤੇ ਕਾਂਗਰਸ ਵਿਚਕਾਰ ਹੈ। ਭਾਜਪਾ ਜ਼ੀਰਕਪੁਰ ਵਿੱਚ ਕੁੱਲ 31 ਵਾਰਡਾਂ ਵਿੱਚੋਂ 25 ਅਤੇ ਡੇਰਾਬੱਸੀ ਦੇ 19 ਵਾਰਡਾਂ ਵਿੱਚੋਂ 14 ਉਮੀਦਵਾਰ ਮੈਦਾਨ ਵਿੱਚ ਉਤਾਰ ਸਕੀ ਹੈ। ਇਸੇ ਤਰ੍ਹਾਂ ‘ਆਪ’ ਦੇ ਡੇਰਾਬੱਸੀ ਵਿੱਚ 18 ਤੇ ਜ਼ੀਰਕਪੁਰ ਵਿੱਚ 28 ਉਮੀਦਵਾਰ ਸ਼ਾਮਲ ਹਨ। ਇਹ ਚੋਣਾਂ ਅਕਾਲੀ ਦਲ ਤੋਂ ਹਲਕਾ ਵਿਧਾਇਕ ਐੱਨਕੇ ਸ਼ਰਮਾ ਤੇ ਕਾਂਗਰਸ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਲਈ ਵਕਾਰ ਦੀ ਲੜਾਈ ਬਣੀ ਹੋਈ ਹਨ। ਸ੍ਰੀ ਸ਼ਰਮਾ ਲੰਮੇ ਸਮੇ ਤੋਂ ਕੌਂਸਲਾਂ ’ਤੇ ਚਲਦੇ ਆ ਰਹੇ ਆਪਣੇ ਕਬਜ਼ੇ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਨ ਤੇ ਸ੍ਰੀ ਢਿੱਲੋਂ ਕਾਂਗਰਸ ਦਾ ਕਬਜ਼ਾ ਕਰਨ ਦੀ ਲੜਾਈ ਲੜ ਰਹੇ ਹਨ।