ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਅੰਬਾਲਾ/ਪੰਚਕੂਲਾ, 2 ਸਤੰਬਰ
ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਅੱਜ ਅੰਬਾਲਾ ਤੇ ਪੰਚਕੂਲਾ ਪੁੱਜੇ। ਉਨ੍ਹਾਂ ਅੰਬਾਲਾ-ਹਿਸਾਰ ਰੋਡ ’ਤੇ ਬਲਾਣਾ ਮੰਡਲ ਦੇ ਆਗੂਆਂ ਨਾਲ ਮੀਟਿੰਗ ਕੀਤੀ। ਇਸ ਤੋਂ ਬਾਅਦ ਉਹ ਪੰਚਕੂਲਾ ਦੇ ਸੈਕਟਰ-5 ਦੇ ਪਰੇਡ ਗਰਾਊਂਡ ਪੁੱਜੇ ਜਿੱਥੇ ਉਨ੍ਹਾਂ ਦਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਵਾਗਤ ਕੀਤਾ। ਸ੍ਰੀ ਨੱਢਾ ਪੀਡਬਲਿਊਡੀ ਗੈਸਟ ਹਾਊਸ ਪਹੁੰਚੇ ਜਿੱਥੇ ਉਨ੍ਹਾਂ ਨੇ ਮੰਤਰੀਆਂ, ਵਿਧਾਇਕਾਂ ਤੇ ਸੰਸਦ ਮੈਂਬਰਾਂ ਨਾਲ ਮੀਟਿੰਗ ਕੀਤੀ। ਸੂਤਰਾਂ ਅਨੁਸਾਰ ਮੀਟਿੰਗ ’ਚ ਹਰਿਆਣਾ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਤੇ ਪੰਚਾਇਤੀ ਚੋਣਾਂ ਬਾਰੇ ਵਿਧਾਇਕਾਂ ਤੇ ਮੰਤਰੀਆਂ ਤੋਂ ਸੁਝਾਅ ਮੰਗੇ। ਮੀਟਿੰਗ ਤੋਂ ਬਾਅਦ ਭਾਜਪਾ ਦੇ ਕੋਰ ਗਰੁੱਪ ਦੀ ਮੀਟਿੰਗ ਪੰਚਕਮਲ ਸਕੇਤੜੀ ’ਚ ਵੀ ਹੋਈ। ਭਾਜਪਾ ਬੁਲਾਰੇ ਨੇ ਦੱਸਿਆ ਕਿ ਸ੍ਰੀ ਨੱਢਾ 3 ਸਤੰਬਰ ਨੂੰ ਹਰਿਆਣਾ ਦੇ ਖਿਡਾਰੀਆਂ ਨਾਲ ਪੰਚਕੂਲਾ ’ਚ ਮੀਟਿੰਗ ਕਰਨਗੇ।