ਕਰਮਜੀਤ ਸਿੰਘ ਚਿੱਲਾ
ਬਨੂੜ, 17 ਜੁਲਾਈ
ਜ਼ੀਰਕਪੁਰ ਦੀ ਗੰਗਾ ਨਰਸਰੀ ਦੇ ਸੰਚਾਲਕ ਭਾਈ ਮਨਜੀਤ ਸਿੰਘ ਵੱਲੋਂ ਧਾਰਮਿਕ ਤੇ ਨਿਹੰਗ ਸਿੰਘ ਜਥੇਬੰਦੀਆਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਅੱਠਵੀਂ ਪਾਤਸ਼ਾਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਸਜਾਏ ਗਏ 11ਵੇਂ ਨਗਰ ਕੀਰਤਨ ਦਾ ਬਨੂੜ ਪਹੁੰਚਣ ’ਤੇ ਇਲਾਕੇ ਦੀਆਂ ਸੰਗਤਾਂ ਨੇ ਭਰਵਾਂ ਸਵਾਗਤ ਕੀਤਾ। ਇਹ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਅੱਜ ਸਵੇਰੇ ਜ਼ੀਰਕਪੁਰ ਤੋਂ ਰਵਾਨਾ ਹੋਇਆ ਸੀ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਨਿਰਮੈਲ ਸਿੰਘ ਜੌਲਾ ਕਲਾਂ, ਭਾਈ ਅਮਰਜੀਤ ਸਿੰਘ ਘੁੰਮਣ, ਬਨੂੜ ਕੌਂਸਲ ਦੇ ਸਾਬਕਾ ਪ੍ਰਧਾਨ ਜਸਵੰਤ ਸਿੰਘ ਖਟੜਾ, ਸੁਖਦੇਵ ਸਿੰਘ ਚੰਗੇਰਾ, ਵੇਰਕਾ ਦੇ ਡਾਇਰੈਕਟਰ ਸੁਰਿੰਦਰ ਸਿੰਘ ਧਰਮਗੜ੍ਹ ਆਦਿ ਨੇ ਭਾਈ ਮਨਜੀਤ ਸਿੰਘ ਗੰਗਾ ਨਰਸਰੀ ਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਟ ਕੀਤੇ। ਭਾਈ ਮਨਜੀਤ ਸਿੰਘ ਨੇ ਦੱਸਿਆ ਕਿ ਇਹ ਨਗਰ ਕੀਰਤਨ ਵਾਤਾਵਰਨ ਨੂੰ ਸਮਰਪਿਤ ਸੀ ਤੇ ਇਸ ਵਿੱਚ ਗੰਗਾ ਨਰਸਰੀ ਜ਼ੀਰਕਪੁਰ ਵੱਲੋਂ ਥਾਂ-ਥਾਂ ਸੈਂਕੜੇ ਫ਼ਲ ਤੇ ਫੁੱਲਦਾਰ ਬੂਟਿਆਂ ਤੋਂ ਇਲਾਵਾ ਗਰੀਨ ਗੰਗਾ ਲਹਿਰ ਅਧੀਨ ਵਿਰਾਸਤੀ ਬੂਟੇ ਵੀ ਵੰਡੇ ਗਏ।