ਸੰਜੀਵ ਬੱਬੀ
ਚਮਕੌਰ ਸਾਹਿਬ, 25 ਜਨਵਰੀ
ਨਗਰ ਪੰਚਾਇਤ ਚਮਕੌਰ ਸਾਹਿਬ ਦੀਆਂ ਚੋਣਾਂ ਸਬੰਧੀ ਵਾਰਡਾਂ ਦੀਆਂ ਚੋਣ ਸੂਚੀਆਂ ਵਿੱਚ ਕਥਿਤ ਤੌਰ ’ਤੇ ਹੋਈ ਘਪਲੇਬਾਜ਼ੀ ਸਬੰਧੀ ਅੱਜ ਅਮਨਦੀਪ ਸਿੰਘ ਮਾਂਗਟ ਧੜੇ ਵੱਲੋਂ ਹਾਈ ਕੋਰਟ ਪੰਜਾਬ ਵਿੱਚ ਰਿੱਟ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਸਬੰਧੀ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 27 ਜਨਵਰੀ ਨੂੰ ਜਵਾਬ ਦੇਣ ਲਈ ਕਿਹਾ ਹੈ। ਸ੍ਰੀ ਮਾਂਗਟ ਨੇ ਦੱਸਿਆ ਕਿ ਉਹ ਇਸ ਸਬੰਧੀ 30 ਦਸੰਬਰ ਤੇ 11 ਜਨਵਰੀ ਨੂੰ ਇੱਥੋਂ ਦੇ ਐੱਸਡੀਐੱਮ ਨੂੰ ਮਿਲੇ ਸਨ ਅਤੇ ਲਿਸਟਾਂ ਸਮੇਤ ਨਕਸ਼ਿਆਂ ਦੀ ਮੰਗ ਕੀਤੀ ਸੀ ਪਰ ਉਨ੍ਹਾਂ ਕੋਈ ਰਾਹ ਨਹੀਂ ਦਿੱਤਾ, ਜਿਸ ਕਾਰਨ 15 ਜਨਵਰੀ ਨੂੰ ਉਹ ਡੀਸੀ ਨੂੰ ਮਿਲੇ, ਜਿਨ੍ਹਾਂ ਦੇ ਦਖ਼ਲ ਸਦਕਾ ਉਨ੍ਹਾਂ ਨੂੰ ਐੱਸਡੀਐੱਮ ਦਫ਼ਤਰ ਵਿੱਚੋਂ ਵੋਟਰ ਸੂਚੀਆਂ ਅਤੇ ਵਾਰਡਾਂ ਦੇ ਨਕਸ਼ੇ ਮਿਲੇ। ਉਨ੍ਹਾਂ ਦੱਸਿਆ ਕਿ ਜਦੋਂ ਮੁੜ ਚੋਣ ਸੂਚੀਆਂ ਪੜਤਾਲੀਆਂ ਗਈਆਂ ਤਾਂ ਵੇਖਣ ਵਿੱਚ ਆਇਆ ਕਿ ਹਰੇਕ ਵਾਰਡ ਵਿੱਚ 200 ਤੋਂ ਵੱਧ ਜਾਅਲੀ ਵੋਟਾਂ ਬਣਾਉਣ ਦੇ ਨਾਲ ਉਸ ਵਾਰਡ ਦੀਆਂ ਲਗਪਗ 200 ਦੇ ਕਰੀਬ ਵੋਟਾਂ ਦੂਜੇ ਵਾਰਡਾਂ ਵਿੱਚ ਤਬਦੀਲ ਕਰ ਦਿੱਤੀਆਂ ਗਈਆਂ ਹਨ। ਸ੍ਰੀ ਮਾਂਗਟ ਨੇ ਦੱਸਿਆ ਕਿ ਨਿਰਪੱਖ ਚੋਣਾਂ ਲਈ ਅਤੇ ਵੋਟਰ ਸੂਚੀਆਂ ਦੀ ਸੁਧਾਈ ਲਈ ਉਨ੍ਹਾਂ ਨੂੰ ਹਾਈਕੋਰਟ ਜਾਣਾ ਪਿਆ ਹੈ।