ਸਰਬਜੀਤ ਸਿੰਘ ਭੱਟੀ
ਲਾਲੜੂ, 24 ਜੁਲਾਈ
ਇਥੇ ਸਥਿਤ ਨਾਹਰ ਗਰੁੱਪ ਆਫ ਕੰਪਨੀਜ਼ ’ਚ ਕੰਮ ਕਰਦੇ ਵਰਕਰ ਨੇ ਅੱਜ ਫਾਹਾ ਲੈ ਕੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ ਹੈ। ਪੁਲੀਸ ਨੇ ਊਸ ਦੀ ਲਾਸ਼ ਸਿਵਲ ਹਸਪਤਾਲ ਡੇਰਾਬਸੀ ਵਿੱਚ ਰਖਵਾ ਦਿੱਤੀ ਹੈ ਤੇ ਮਾਮਲੇ ਬਾਰੇ ਕਾਰਵਾਈ ਆਰੰਭ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਰਾਕੇਸ਼ ਸ਼ਰਮਾ ਪੁੱਤਰ ਰਤਨ ਚੰਦ ਵਾਸੀ ਪਿੰਡ ਖਾਬਾ ਜ਼ਿਲ੍ਹਾ ਕਾਂਗੜਾ ਦਾ ਰਹਿਣ ਵਾਲਾ ਸੀ, ਜੋ ਨਾਹਰ ਕੰਪਨੀ ਦੇ ਹੋਸਟਲ ਵਿੱਚ ਰਹਿੰਦਾ ਸੀ ਅਤੇ ਉਸ ਵੱਲੋਂ ਭੇਤਭਰੀ ਹਾਲਤ ’ਚ ਖੁਦਕੁਸ਼ੀ ਕਰ ਲਈ ਗਈ ਹੈ। ਊਸ ਦੇ ਵਾਰਸ ਵੀ ਮੌਕੇ ’ਤੇ ਪਹੁੰਚ ਗਏ ਹਨ ਤੇ ਊਨ੍ਹਾਂ ਨੇ ਸਿਵਲ ਹਸਪਤਾਲ ਡੇਰਾਬਸੀ ਵਿੱਚ ਪੁਲੀਸ ਨਾਲ ਗੱਲਬਾਤ ਵੀ ਕੀਤੀ ਹੈ। ਦੂਜੇ ਪਾਸੇ ਪੁਲੀਸ ਵੱਲੋਂ ਇਸ ਮਾਮਲੇ ਬਾਰੇ ਹੋਰ ਖੁਲਾਸਾ ਨਹੀਂ ਕੀਤੀ ਗਿਆ ਹੈ।
ਪਿੰਡ ਦੁਰਾਣਾ ਦੇ ਦੁਕਾਨਦਾਰ ਨੇ ਫਾਹਾ ਲਿਆ
ਅੰਬਾਲਾ (ਰਤਨ ਸਿੰਘ ਢਿੱਲੋਂ): ਪਿੰਡ ਦੁਰਾਣਾ ਵਿਚ ਕੱਪੜੇ ਦੀ ਦੁਕਾਨ ਚਲਾਊਣ ਵਾਲੇ 58 ਸਾਲਾਂ ਦੇ ਅਸ਼ੋਕ ਕੁਮਾਰ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੁਕਾਨਦਾਰ ਕਾਫੀ ਸਮੇਂ ਤੋਂ ਬਿਮਾਰ ਰਹਿਣ ਕਰਕੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਚੱਲ ਰਿਹਾ ਸੀ। ਉਸ ਦੀ ਪਤਨੀ ਦੀਪਾ ਬੱਚਿਆਂ ਸਮੇਤ ਦਿੱਲੀ ਗਈ ਹੋਈ ਸੀ। ਬੀਤੇ ਦਿਨ ਉਸ ਨੇ ਅਸ਼ੋਕ ਕੁਮਾਰ ਨੂੰ ਫੋਨ ਕੀਤਾ ਪਰ ਕਿਸੇ ਨੇ ਫੋਨ ਨਾ ਚੁੱਕਿਆ। ਉਸ ਨੇ ਆਪਣੇ ਭਾਣਜੇ ਰਿੰਕਲ ਨੂੰ ਅਸ਼ੋਕ ਕੁਮਾਰ ਨਾਲ ਗੱਲ ਕਰਵਾਉਣ ਲਈ ਕਿਹਾ। ਰਿੰਕਲ ਨੇ ਜਾ ਕੇ ਦੇਖਿਆ ਕਿ ਘਰ ਦਾ ਗੇਟ ਅੰਦਰੋਂ ਬੰਦ ਸੀ। ਉਸ ਨੇ ਕਾਫੀ ਯਤਨ ਮਗਰੋਂ ਅੰਦਰ ਜਾ ਕੇ ਵੇਖਿਆ ਕਿ ਅਸ਼ੋਕ ਕੁਮਾਰ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਉਸ ਨੇ ਚੁੰਨੀ ਦਾ ਫਾਹਾ ਬਣਾ ਕੇ ਖੁਦਕੁਸ਼ੀ ਕਰ ਲਈ ਸੀ।