ਪੀ.ਪੀ. ਵਰਮਾ
ਪੰਚਕੂਲਾ, 3 ਅਪਰੈਲ
ਪੰਚਕੂਲਾ ਸਥਿਤ ਮਾਤਾ ਮਨਸਾ ਦੇਵੀ ਮੰਦਰ ਵਿੱਚ ਚੇਤ ਮਹੀਨੇ ਦੇ ਨਰਾਤਿਆਂ ਦੇ ਕੱਲ੍ਹ ਤੋਂ ਸ਼ੁਰੂ ਹੋਏ ਮੇਲੇ ਦੌਰਾਨ ਅੱਜ ਦੂਜੇ ਦਿਨ ਵੀ ਮਾਤਾ ਮਨਸਾ ਦੇਵੀ ਦੇ ਦਰਸ਼ਨ ਕਰਨ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਪਹੁੰਚੇ। ਇਸ ਦੌਰਾਨ ਜਿੱਥੇ ਤੇਜ਼ ਧੁੱਪ ਤੇ ਗਰਮੀ ਵਿੱਚ ਸ਼ਰਧਾਲੂਆਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਲੱਗੀਆਂ ਦੇਖੀਆਂ ਗਈਆਂ ਉੱਥੇ ਹੀ ਸੁਰੱਖਿਆ ਤੇ ਹੋਰ ਪ੍ਰਬੰਧ ਕਰਨ ਵਿੱਚ ਪੁਲੀਸ ਤੇ ਪ੍ਰਸ਼ਾਸਨ ਨੂੰ ਤਰੇਲੀਆਂ ਆ ਗਈਆਂ। ਮਿਲੀ ਜਾਣਕਾਰੀ ਅਨੁਸਾਰ ਚੇਤ ਮਹੀਨੇ ਦੇ ਨਰਾਤਿਆਂ ਦੇ ਭਰੇ ਮੇਲੇ ਦੇ ਦੂਜੇ ਦਿਨ ਅੱਜ ਵੀ ਦੂਰ-ਦੂਰ ਤੋਂ ਹਜ਼ਾਰਾਂ ਸ਼ਰਧਾਲੂ ਮਾਤਾ ਮਨਸਾ ਦੇਵੀ ਦੇ ਦਰਸ਼ਨ ਕਰਨ ਲਈ ਪਹੁੰਚੇ। ਇਸ ਦੌਰਾਨ ਤੇਜ਼ ਧੁੱਪ ਤੇ ਗਰਮੀ ਵਿੱਚ ਸ਼ਰਧਾਲੂਆਂ ਦੀਆਂ ਬਹੁਤ ਦੂਰ-ਦੂਰ ਤੱਕ ਕਤਾਰਾਂ ਲੱਗੀਆਂ ਦੇਖੀਆਂ ਗਈਆਂ। ਐਨੀ ਵੱਡੀ ਗਿਣਤੀ ਵਿੱਚ ਪਹੁੰਚੇ ਸ਼ਰਧਾਲੂਆਂ ਲਈ ਸੁਰੱਖਿਆ ਸਬੰਧੀ ਤੇ ਹੋਰ ਪ੍ਰਬੰਧ ਕਰਨ ਵਿੱਚ ਪੁਲੀਸ ਮੁਲਾਜ਼ਮਾਂ ਨੂੰ ਵੀ ਕਾਫੀ ਮੁਸ਼ੱਕਤ ਕਰਨੀ ਪੈ ਰਹੀ ਹੈ। ਘੁੜ ਸਵਾਰ ਪੁਲੀਸ ਮੁਲਾਜ਼ਮ ਵੀ ਮੇਲੇ ਵਿੱਚ ਘੁੰਮਦੇ ਹੋਏ ਹਰ ਵਿਅਕਤੀ ’ਤੇ ਨਜ਼ਰ ਰੱਖ ਰਹੇ ਹਨ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰੇ।
ਨਵਰਾਤਰ ਮੇਲੇ ਦੇ ਪਹਿਲੇ ਦਿਨ ਕਲਾ ਚੇਤਨਾ ਮੰਚ ਵੱਲੋਂ ਪੂਜਾ ਸਥੱਲ ਬੋਰਡ ਮਾਤਾ ਮਨਸਾ ਦੇਵੀ ਨੇ ਭਜਨ ਸੰਧਿਆ ਕੀਤੀ, ਜਿਸ ਵਿੱਚ ਡਾ. ਕੇ ਇੰਦਰ ਸਿੰਘ, ਸੁਨੀਤਾ ਸ਼ਰਮਾ ਅਤੇ ਨੀਸ਼ਾ ਸ਼ਰਮਾ ਨੇ ਭਜਨ ਸੁਣਾ ਕੇ ਰੰਗ ਬੰਨ੍ਹਿਆ। ਇਨ੍ਹਾਂ ਗਾਇਕਾਂ ਦਾ ਸਾਥ ਮਨਵਿੰਦਰ ਸਿੰਘ, ਚਮਨ ਲਾਲ, ਅਲੰਕਾਰ ਸਿੰਘ ਅਤੇ ਅਰਸ਼ਦੀਪ ਨੇ ਸੰਗੀਤ ਰਾਹੀਂ ਦਿੱਤਾ। ਪੰਚਕੂਲਾ ਦੇ ਡਿਪਟੀ ਕਮਿਸ਼ਨਰ ਮਹਾਵੀਰ ਕੌਸ਼ਿਕ ਅਤੇ ਪੂਜਾ ਸਥੱਲ ਬੋਰਡ ਦੇ ਸੀਈਓ ਅਸ਼ੋਕ ਬਾਂਸਲ, ਪੂਜਾ ਸਥੱਲ ਬੋਰਡ ਦੀ ਸਕੱਤਰ ਸ਼ਾਰਦਾ ਪਰਜਾਪਤੀ ਨੇ ਭਜਨ ਮੰਡਲੀ ਦਾ ਸਨਮਾਨ ਕੀਤਾ। ਮਿਲੀ ਜਾਣਕਾਰੀ ਅਨੁਸਾਰ ਮਨਸਾ ਦੇਵੀ ਦੇ ਇਸ ਮੇਲੇ ਵਿੱਚ ਸਭ ਤੋਂ ਪਹਿਲੇ ਦਿਨ 46 ਹਜ਼ਾਰ ਸ਼ਰਧਾਲੂਆਂ ਨੇ ਮੱਥਾ ਟੇਕਿਆ ਅਤੇ ਇਸ ਦੌਰਾਨ 25.25 ਲੱਖ ਦਾ ਚੜਾਵਾ ਚੜ੍ਹਿਆ। ਪੰਚਕੂਲਾ ਦੇ ਡੀਸੀ ਮਹਾਵੀਰ ਕੌਸ਼ਿਕ ਜਿਹੜੇ ਪੂਜਾ ਸਥੱਲ ਬੋਰਡ ਦੇ ਮੁੱਖ ਪ੍ਰਸ਼ਾਸਕ ਵੀ ਹਨ, ਨੇ ਦੱਸਿਆ ਕਿ ਕਾਲਕਾ ਦੇ ਕਾਲੀ ਮਾਤਾ ਮੰਦਰ ’ਚ ਨਰਾਤਿਆਂ ਦੇ ਪਹਿਲੇ ਦਿਨ 5.36 ਲੱਖ ਰੁਪਏ ਦਾ ਚੜ੍ਹਾਵਾ ਚੜਿ੍ਹਆ। ਅੰਬਾਲਾ ਡਿਵੀਜ਼ਨ ਦੀ ਕਮਿਸਨਰ ਰੇਣੂੰ ਫੁਲੀਆ ਨੇ ਵੀ ਮੱਥਾ ਟੇਕਿਆ ਤੇ ਸੱਤ ਚੰਡੀ ਯੱਗ ਵਿੱਚ ਹਿੱਸਾ ਲਿਆ