ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 16 ਸਤੰਬਰ
ਪੰਜਾਬ ਪੁਲੀਸ ਦੇ ਇੰਸਪੈਕਟਰ ਗੁਰਮੀਤ ਸਿੰਘ ਦੀਆਂ ਕਥਿਤ ਵਧੀਕੀਆਂ ਦਾ ਸ਼ਿਕਾਰ ਨੈਸ਼ਨਲ ਐਵਾਰਡੀ ਲੇਖਕਾ ਡਾ. ਪ੍ਰੀਤ ਅਰੋੜਾ ਇਨਸਾਫ਼ ਲਈ ਖੱਜਲ ਖੁਆਰ ਹੋ ਰਹੀ ਹੈ। ਉਸ ਨੇ ਆਪਣੇ ਪਤੀ ’ਤੇ ਜਾਅਲਸਾਜ਼ੀ ਨਾਲ ਵਿਆਹ ਰਚਾ ਕੇ ਸਰੀਰਕ ਸ਼ੋਸ਼ਣ ਦਾ ਦੋਸ਼ ਲਾਇਆ ਹੈ। ਮੁਹਾਲੀ ਅਦਾਲਤ ਕੰਪਲੈਕਸ ਵਿੱਚ ਆਪਣੇ ਵਕੀਲ ਲਲਿਤ ਸੂਦ ਦੀ ਮੌਜੂਦਗੀ ਵਿੱਚ ਪੀੜਤ ਲੇਖਕਾ ਨੇ ਆਪਬੀਤੀ ਦੱਸਦਿਆਂ ਕਿਹਾ ਕਿ ਇੱਥੋਂ ਦੇ ਗੁਰਦੁਆਰਾ ਅੰਬ ਸਾਹਿਬ ਵਿੱਚ 23 ਫਰਵਰੀ 2020 ਨੂੰ ਊਨ੍ਹਾਂ ਦਾ ਵਿਆਹ ਹੋਇਆ ਸੀ ਪਰ ਜਦੋਂ ਉਸ ਨੂੰ ਇਹ ਪਤਾ ਲੱਗਾ ਕਿ ਵਿਆਹ ਵਿੱਚ ਸ਼ਾਮਲ ਇੰਸਪੈਕਟਰ ਦੀ ਮਾਂ ਅਤੇ ਭਰਾ ਫਰਜ਼ੀ ਸਨ ਤਾਂ ਉਸ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਉਧਰ, ਥਾਣਾ ਸੰਭੂ ਦੇ ਐੱਸਐੱਚਓ ਇੰਸਪੈਕਟਰ ਗੁਰਮੀਤ ਸਿੰਘ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਡਾ. ਅਰੋੜਾ ਨੇ ਦੋਸ਼ ਲਾਇਆ ਕਿ ਥਾਣਾ ਮੁਖੀ ਪਹਿਲਾਂ ਤੋਂ ਹੀ ਦੋ ਵਿਆਹ ਕਰਵਾ ਚੁੱਕਾ ਹੈ। ਉਸ ਦੀ ਇਕ ਪਤਨੀ ਵਿਦੇਸ਼ ਵਿੱਚ ਰਹਿੰਦੀ ਹੈ ਜਦਕਿ ਦੂਜੀ ਪਤਨੀ ਨਾਲ ਤਲਾਕ ਹੋ ਚੁੱਕਾ ਹੈ। ਉਸ ਨੇ ਦੱਸਿਆ ਕਿ ਉਹ ਮੈਟਰੀਮੋਨੀਅਲ ਵੈਬਸਾਈਟ ਰਾਹੀਂ ਇੰਸਪੈਕਟਰ ਦੇ ਸੰਪਰਕ ਵਿੱਚ ਆਈ ਸੀ। ਉਸ ਸਮੇਂ ਗੁਰਮੀਤ ਦਾ ਕਹਿਣਾ ਸੀ ਕਿ ਉਸ ਦਾ ਮਿਊਚਲ ਤਲਾਕ ਦਾ ਕੇਸ ਚਲ ਰਿਹਾ ਹੈ। ਲੇਖਕਾ ਅਨੁਸਾਰ 15 ਫਰਵਰੀ ਨੂੰ ਉਨ੍ਹਾਂ ਦੀ ਪਹਿਲੀ ਮੁਲਾਕਾਤ ਫੇਜ਼-6 ਵਿੱਚ ਹੋਈ ਸੀ ਅਤੇ ਹਫ਼ਤੇ ਬਾਅਦ 23 ਫਰਵਰੀ 2020 ਨੂੰ ਉਨ੍ਹਾਂ ਨੇ ਵਿਆਹ ਕਰਵਾ ਲਿਆ। ਇਸ ਮਗਰੋਂ ਉਹ ਰਾਜਪੁਰਾ ਜਾ ਕੇ ਰਹਿਣ ਲੱਗ ਪਏ। ਇਸ ਦੌਰਾਨ ਗੁਰਮੀਤ ਉਸ ਨੂੰ ਇਕੱਲੀ ਨੂੰ ਛੱਡ ਕੇ ਚਲਾ ਗਿਆ ਅਤੇ ਦੁਬਾਰਾ ਉਸ ਕੋਲ ਨਹੀਂ ਆਇਆ। ਜਦੋਂ ਉਸ ਨੇ ਥਾਣੇ ਜਾ ਕੇ ਪਤਾ ਕੀਤਾ ਤਾਂ ਉਸ ਦੀ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਗਈ ਅਤੇ ਧਮਕੀਆਂ ਦਿੱਤੀਆਂ ਗਈਆਂ। ਇਸ ਸਬੰਧੀ ਉਸ ਨੇ ਮੁੱਖ ਮੰਤਰੀ, ਗ੍ਰਹਿ ਵਿਭਾਗ, ਡੀਜੀਪੀ, ਮਹਿਲਾ ਕਮਿਸ਼ਨ, ਆਈਜੀ, ਐੱਸਐੱਸਪੀ ਨੂੰ ਸ਼ਿਕਾਇਤਾਂ ਦਿੱਤੀਆਂ ਪਰ ਸੁਣਵਾਈ ਨਹੀਂ ਹੋ ਰਹੀ। ਇਸ ਮਾਮਲੇ ਦੀ ਜਾਂਚ ਕਰ ਰਹੇ ਮੁਹਾਲੀ ਦੀ ਐਸਪੀ (ਦਿਹਾਤੀ) ਰਵਜੋਤ ਕੌਰ ਗਰੇਵਾਲ ਨੇ ਭਲਕੇ ਵੀਰਵਾਰ ਨੂੰ ਸਵੇਰੇ 11 ਵਜੇ ਪੀੜਤ ਲੇਖਕਾ ਨੂੰ ਆਪਣੇ ਦਫ਼ਤਰ ਵਿੱਚ ਸੱਦਿਆ ਹੈ।
ਇੰਸਪੈਕਟਰ ਨੇ ਲੜਕੀ ’ਤੇ ਬਲੈਕਮੇਲ ਕਰਨ ਦਾ ਦੋਸ਼ ਲਗਾਇਆ
ਥਾਣਾ ਸ਼ੰਭੂ ਦੇ ਐੱਸਐੱਚਓ ਇੰਸਪੈਕਟਰ ਗੁਰਮੀਤ ਸਿੰਘ ਨੇ ਇਨ੍ਹਾਂ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਅਤੇ ਮਨਘੜਤ ਦੱਸਦਿਆਂ ਕਿਹਾ ਕਿ ਪ੍ਰੀਤ ਅਰੋੜਾ ਉਸ ਨੂੰ ਬਲੈਕਮੇਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਔਰਤ ਨੇ ਆਪਣੇ ਪਹਿਲੇ ਪਤੀ ਨੂੰ ਤਲਾਕ ਦਿੱਤੇ ਬਿਨਾਂ ਹੀ ਉਸ ਨਾਲ ਵਿਆਹ ਕੀਤਾ ਅਤੇ ਵਿਆਹ ਤੋਂ ਬਾਅਦ ਉਹ ਸੋਨੇ ਦੇ ਗਹਿਣੇ ਵੀ ਆਪਣੇ ਨਾਲ ਲੈ ਗਈ। ਫਰਜ਼ੀ ਰਿਸ਼ਤੇਦਾਰਾਂ ਬਾਰੇ ਥਾਣਾ ਮੁਖੀ ਨੇ ਸਪੱਸ਼ਟ ਕੀਤਾ ਕਿ ਉਸ ਦੇ ਮਾਪੇ ਅੰਤਰਜਾਤੀ ਵਿਆਹ ਦੇ ਖ਼ਿਲਾਫ਼ ਸਨ ਜਿਸ ਕਾਰਨ ਐਨ ਮੌਕੇ ਦੋਸਤਾਂ ਦਾ ਸਹਾਰਾ ਲੈਣਾ ਪਿਆ ਸੀ। ਇਸ ਬਾਰੇ ਔਰਤ ਭਲੀਭਾਂਤ ਜਾਣੂ ਸੀ। ਗੁਰਮੀਤ ਸਿੰਘ ਨੇ ਦੋਸ਼ ਲਾਇਆ ਕਿ ਉਲਟਾ ਪ੍ਰੀਤ ਨੇ ਉਸ ਨਾਲ ਧੋਖਾਧੜੀ ਕੀਤੀ ਹੈ ਕਿਉਂਕਿ ਸ਼ਿਕਾਇਤਕਰਤਾ ਨੇ ਖ਼ੁਦ ਨੂੰ ਤਲਾਕਸ਼ੁਦਾ ਦੱਸ ਕੇ ਉਸ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਉਸ ਨੇ ਵੀ ਮੁਹਾਲੀ ਅਦਾਲਤ ਵਿੱਚ ਪ੍ਰੀਤ ਅਰੋੜਾ ਦੇ ਖ਼ਿਲਾਫ਼ ਕੇਸ ਦਾਇਰ ਕੀਤਾ ਹੈ। ਇਸ ਤੋਂ ਇਲਾਵਾ ਉਹ ਆਪਣੇ ਉੱਚ ਅਧਿਕਾਰੀਆਂ ਕੋਲ ਵੀ ਲਿਖਤੀ ਪੱਖ ਰੱਖਣਗੇ।