ਆਤਿਸ਼ ਗੁਪਤਾ
ਚੰਡੀਗੜ੍ਹ, 28 ਅਗਸਤ
ਪਿਛਲੇ ਦਿਨੀਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਦੇ ਪਾਰਟੀ ਨੂੰ ਅਲਵਿਦਾ ਕਹਿ ਜਾਣ ’ਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਕੌਮੀ ਖਜ਼ਾਨਚੀ ਪਵਨ ਕੁਮਾਰ ਬਾਂਸਲ ਨੇ ਕਿਹਾ ਕਿ ਜਦੋਂ ਆਪਣੇ ਛੱਡ ਕੇ ਜਾਂਦੇ ਹਨ ਤਾਂ ਦੁੱਖ ਹੁੰਦਾ ਹੈ। ਪਹਿਲਾਂ ਵੀ ਕਈ ਵਾਰ ਕਾਂਗਰਸ ਪਾਰਟੀ ਨੂੰ ਅਜਿਹੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਹੈ, ਪਰ ਕਾਂਗਰਸ ਪਿੱਛੇ ਹਟਣ ਵਾਲੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕੁਝ ਆਗੂ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹਨ, ਉਨ੍ਹਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸ੍ਰੀ ਬਾਂਸਲ ਨੇ ਪਾਰਟੀ ਤੋਂ ਨਾਰਾਜ਼ ਆਗੂਆਂ ਨੂੰ ਮੁੜ ਪਾਰਟੀ ਲਈ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਾਰਟੀ ਨੇ ਸੀਨੀਅਰ ਆਗੂਆਂ ਨੂੰ ਬਹੁਤ ਕੁਝ ਦਿੱਤਾ ਹੈ ਅਤੇ ਪਾਰਟੀ ਕਰਕੇ ਆਗੂਆਂ ਨੂੰ ਮਾਨ ਸਨਮਾਨ ਮਿਲਦਾ ਰਿਹਾ ਹੈ। ਇਸ ਲਈ ਮਾੜੇ ਸਮੇਂ ਵਿੱਚ ਪਾਰਟੀ ਦੇ ਨਾਲ ਖੜ੍ਹੇ ਹੋਣ ਦੀ ਲੋੜ ਹੈ। ਉਹ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਵੀ ਹਾਜ਼ਰ ਸਨ।
ਸ੍ਰੀ ਬਾਂਸਲ ਨੇ ਲਗਾਤਾਰ ਵਿਗੜਦੀ ਜਾ ਰਹੀ ਭਾਰਤ ਦੀ ਅਰਥ ਵਿਵਸਥਾ ਲਈ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਭਾਜਪਾ ਦੇ 8 ਸਾਲਾਂ ਦੇ ਕਾਰਜਕਾਲ ਦੌਰਾਨ ਮਹਿੰਗਾਈ ਅਤੇ ਬੇਰੁਜ਼ਗਾਰੀ ਦੀ ਦਰ ਵਧਦੀ ਜਾ ਰਹੀ ਹੈ। ਇਸ ’ਤੇ ਨੱਥ ਪਾਉਣ ਵਿੱਚ ਮੋਦੀ ਸਰਕਾਰ ਨਾਕਾਮ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ 10 ਫ਼ੀਸਦ ਲੋਕ ਅਮੀਰ ਹੁੰਦੇ ਜਾ ਰਹੇ ਹਨ ਅਤੇ 90 ਫ਼ੀਸਦ ਲੋਕ ਹੋਰ ਗਰੀਬ ਹੋ ਰਹੇ ਹਨ। ਅੱਜ ਕੇਂਦਰ ਸਰਕਾਰ ਦੇਸ਼ ਦੇ ਪੂੰਜੀਪਤੀਆਂ ਅਤੇ ਵੱਡੇ ਘਰਾਣਿਆਂ ਨੂੰ ਟੈਕਸ ’ਚ ਛੋਟ ਦੇ ਰਹੀ ਹੈ, ਜਦੋਂ ਕਿ ਨਿੱਤ ਕਮਾ ਕੇ ਖਾਉਣ ਵਾਲਿਆਂ ਦੀ ਲੋੜੀਂਦੀ ਵਸਤੂਆਂ ’ਤੇ ਟੈਕਸ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਲ 2014 ਤੋਂ ਪਹਿਲਾਂ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ 145 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਈਆਂ ਸਨ, ਇਸ ਦੇ ਬਾਵਜੂਦ ਦੇਸ਼ ਵਿੱਚ ਤੇਲ ਦੀਆਂ ਕੀਮਤਾਂ 70-75 ਰੁਪਏ ਤੋਂ ਵੱਧ ਨਹੀਂ ਹੋਣ ਦਿੱਤੀਆਂ। ਅੱਜ ਕੱਚੇ ਤੇਲ ਦੀਆਂ ਕੀਮਤਾਂ ਬਹੁਤ ਘੱਟ ਹਨ ਤਾਂ ਵੀ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੋਂ 4 ਲੱਖ ਕਰੋੜ ਰੁਪਏ ਸਾਲਾਨਾ ਕਮਾਈ ਕਰ ਰਹੀ ਹੈ, ਜਿਸ ਦਾ ਬੋਝ ਆਮ ਲੋਕਾਂ ਦੀ ਜੇਬ ’ਤੇ ਪੈ ਰਿਹਾ ਹੈ। ਕਾਂਗਰਸ ਦੇ ਸੀਨੀਅਰ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਕਾਂਗਰਸ ਵਿਰੋਧ ਕਰਦੀ ਆ ਰਹੀ ਹੈ। ਇਸੇ ਦੇ ਵਰੋਧ ’ਚ 4 ਸਤੰਬਰ ਨੂੰ ਦਿੱਲੀ ਦੇ ਰਾਮ ਲੀਲਾ ਮੈਦਾਨ ਵਿੱਚ ਰੋਸ ਪ੍ਰਦਰਸ਼ਨ ਰੱਖਿਆ ਗਿਆ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਅਤੇ ਆਮ ਲੋਕ ਵੀ ਸ਼ਮੂਲੀਅਤ ਕਰਨਗੇ। ਇਸ ਤੋਂ ਇਲਾਵਾ ਭਾਜਪਾ ਵੱਲੋਂ ਦੇਸ਼ ਵਿੱਚ ਖੇਡੀ ਜਾ ਰਹੀ ਫਿਰਕਾਪ੍ਰਸਤੀ ਦੀ ਰਾਜਨੀਤੀ ਨੂੰ ਠੱਲ ਪਾਉਣ ਲਈ 7 ਸਤੰਬਰ ਤੋਂ 3570 ਕਿਲੋਮੀਟਰ ਭਾਰਤ ਜੋੜੋ ਯਾਤਾ ਸ਼ੁਰੂ ਕੀਤੀ ਜਾ ਰਹੀ ਹੈ।