ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 8 ਸਤੰਬਰ
ਨੈਸ਼ਨਲ ਐਲਿਜੀਬਿਲਿਟੀ-ਕਮ-ਐਂਟਰੈਂਸ ਟੈਸਟ (ਨੀਟ) ਦਾ ਨਤੀਜਾ ਅੱਜ ਐਲਾਨਿਆ ਗਿਆ। ਟਰਾਈਸਿਟੀ ਵਿੱਚ ਅਰਪਿਤ ਤੋਂ ਇਲਾਵਾ ਯਗਿਅਮ ਸੇਠੀ ਦੀ ਕਾਰਗੁਜ਼ਾਰੀ ਵੀ ਬਿਹਤਰ ਰਹੀ ਹੈ। ਉਸ ਨੇ 720 ਿਵਚੋਂ 700 ਅੰਕ ਲੈ ਕੇ ਆਲ ਇੰਡੀਆ 59ਵਾਂ ਰੈਂਕ ਹਾਸਲ ਕੀਤਾ ਹੈ। ਉਸ ਨੇ ਦਸਵੀਂ ਜਮਾਤ ਸੇਂਟ ਜੋਸਫ ਸਕੂਲ ਵਿਚੋਂ 94.3 ਫੀਸਦੀ ਅੰਕਾਂ ਤੇ ਬਾਰ੍ਹਵੀਂ ਜਮਾਤ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 19 ਤੋਂ 97.8 ਫੀਸਦੀ ਅੰਕ ਹਾਸਲ ਕਰਦਿਆਂ ਪਾਸ ਕੀਤੀ। ਮੌਲੀ ਜੱਗਰਾਂ ਦੇ ਰਹਿਣ ਵਾਲੇ ਯਗਿਅਮ ਦੇ ਪਿਤਾ ਜਤਿੰਦਰ ਸੇਠੀ ਚੰਡੀਗੜ੍ਹ ਪੁਲੀਸ ਵਿਚ ਏਐਸਆਈ ਹਨ ਤੇ ਮਾਂ ਘਰੇਲੂ ਸੁਆਣੀ ਹੈ। ਉਸ ਦੀ ਭੈਣ ਹਬੀਦੀ ਸੇਠੀ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ 32 ਵਿਚ ਐਮਬੀਬੀਐਸ ਚੌਥੇ ਸਾਲ ਦੀ ਪੜ੍ਹਾਈ ਕਰ ਰਹੀ ਹੈ। ਉਸ ਨੇ ਦੱਸਿਆ ਕਿ ਡਾਕਟਰੀ ਦੀ ਪੜ੍ਹਾਈ ਲਈ ਉਸ ਦੀ ਪ੍ਰੇਰਨਾ ਸਰੋਤ ਉਸ ਦੀ ਭੈਣ ਹੀ ਹੈ ਜਿਸ ਨੇ ਸਮੇਂ ਸਮੇਂ ’ਤੇ ਉਸ ਦੀਆਂ ਸਮੱਸਿਆਵਾਂ ਹੱਲ ਕੀਤੀਆਂ। ਯਗਿਅਮ ਨੇ ਦੱਸਿਆ ਕਿ ਉਸ ਨੇ ਕ੍ਰਿਕਟ ਤੇ ਟੈਨਿਸ ਖੇਡ ਕੇ ਆਪਣਾ ਥਕੇਵਾਂ ਲਾਹਿਆ ਤੇ ਉਸ ਨੂੰ ਉਮੀਦ ਸੀ ਕਿ ਉਹ ਪਹਿਲੇ ਦੋ ਸੌ ਵਿਚ ਥਾਂ ਬਣਾ ਲਵੇਗਾ। ਯਗਿਅਮ ਨੇ ਦੱਸਿਆ ਕਿ ਉਸ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਰੱਖੀ ਤੇ ਉਸ ਨੇ ਤਣਾਅ ਨੂੰ ਦੂਰ ਕਰਨ ਲਈ ਗਿਟਾਰ ਦਾ ਵੀ ਸਹਾਰਾ ਲਿਆ।