ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 23 ਸਤੰਬਰ
ਚੰਡੀਗੜ੍ਹ ਨਗਰ ਨਿਗਮ ਕਮਿਸ਼ਨਰ ਨੇ ਪਾਰਕਾਂ ਦੀ ਮਾੜੀ ਸਾਂਭ-ਸੰਭਾਲ ‘ਤੇ ਸਖ਼ਤ ਕਾਰਵਾਈ ਕਰਦਿਆਂ ਅੱਜ ਸੈਕਟਰ 22 ਦੇ 6 ਪਾਰਕਾਂ ਸਮੇਤ ਸੈਕਟਰ 37 ਦੇ 5 ਪਾਰਕਾਂ ਦੇ ਰੱਖ-ਰਖਾਅ ਲਈ ਨਿਗਮ ਨਾਲ ਕੀਤਾ ਸਮਝੌਤਾ ਰੱਦ ਕਰਨ ਦੇ ਹੁਕਮ ਦਿੱਤੇ ਹਨ। ਸੈਕਟਰ 22 ਦੇ 6 ਪਾਰਕਾਂ ਦੀ ਸਾਂਭ-ਸੰਭਾਲ ਅਮਰੁਤ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਅਤੇ ਸੈਕਟਰ 37 ਦੇ 5 ਪਾਰਕਾਂ ਦੀ ਸਾਂਭ ਸੰਭਾਲ ਇਥੋਂ ਦੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਵਲੋਂ ਕੀਤੀ ਜਾਂਦੀ ਸੀ।
ਨਿਗਮ ਕਮਿਸ਼ਨਰ ਅਨੰਦਿਤਾ ਮਿੱਤਰਾ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਨਿਗਮ ਦੇ ਬਾਗਬਾਨੀ ਵਿੰਗ ਦੇ ਸਬੰਧਤ ਕਾਰਜਕਾਰੀ ਇੰਜਨੀਅਰਾਂ ਨੇ ਆਰਡਬਲਯੂਏ ਦੀ ਪਾਰਕਾਂ ਦੀ ਕਾਰਗੁਜ਼ਾਰੀ ਦੇ ਰੱਖ-ਰਖਾਅ ਦਾ ਨਿਰੀਖਣ ਕੀਤਾ ਸੀ ਜੋ ਕਿ ਨਿਗਮ ਨਾਲ ਪਾਰਕਾਂ ਦੀ ਸਾਂਭ ਸੰਭਾਲ ਨੂੰ ਲੈ ਕੇ ਹੋਏ ਸਮਝੌਤੇ ਦੇ ਨਿਯਮਾਂ ਅਤੇ ਸ਼ਰਤਾਂ ਅਨੁਸਾਰ ਤਸੱਲੀਬਖਸ਼ ਨਹੀਂ ਪਾਏ ਗਏ। ਨਿਗਮ ਦੇ ਬਾਗਬਾਨੀ ਵਿੰਗ ਨੇ ਸ਼ਹਿਰ ਵਿੱਚ ਅਜਿਹੇ ਸਾਰੇ ਪਾਰਕਾਂ ਦਾ ਨਿਰੀਖਣ ਸ਼ੁਰੂ ਕਰ ਦਿੱਤਾ ਹੈ ਅਤੇ ਪਾਰਕਾਂ ਦੀ ਸਾਂਭ-ਸੰਭਾਲ ਅਤੇ ਆਰਡਬਲਯੂਏ ਦੀ ਕਾਰਗੁਜ਼ਾਰੀ ਬਾਰੇ ਨਿਗਮ ਕਮਿਸ਼ਨਰ ਕੋਲ ਰਿਪੋਰਟ ਪੇਸ਼ ਕੀਤੀ ਜਾ ਰਹੀ ਹੈ। ਗੈਰ-ਕਾਰਗੁਜ਼ਾਰੀ ਵਾਲੇ ਆਰਡਬਲਯੂਏ, ਜੋ ਨਿਯਮਾਂ ਅਨੁਸਾਰ ਪਾਰਕਾਂ ਦੀ ਸਾਂਭ-ਸੰਭਾਲ ਨਹੀਂ ਕਰ ਰਹੇ, ਉਨ੍ਹਾਂ ਦੇ ਨਿਗਮ ਨਾਲ ਹੋਏ ਸਮਝੌਤੇ ਤੁਰੰਤ ਰੱਦ ਕੀਤੇ ਜਾਣਗੇ।