ਚਰਨਜੀਤ ਚੰਨੀ
ਮੁੱਲਾਂਪੁਰ ਗਰੀਬਦਾਸ, 19 ਜੁਲਾਈ
ਨਿਊ ਚੰਡੀਗੜ੍ਹ ਇਲਾਕੇ ਦੇ ਪਿੰਡਾਂ ਨਾਲ ਜੁੜਦੀਆਂ ਸੜਕਾਂ ਦੀ ਭੱਦੀ ਹਾਲਤ ਕਾਰਨ ਰਾਹਗੀਰ ਲੋਕਾਂ ਨੂੰ ਦਿਨ ਰਾਤ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ।
ਨਵੇਂ ਬਣ ਰਹੇ ਚੰਡੀਗੜ੍ਹ ਸ਼ਹਿਰ ਦੇ ਮੁੱਖ ਮਾਰਗਾਂ ਸਮੇਤ ਇਸ ਨਾਲ ਜੁੜਦੀਆਂ ਸੜਕਾਂ ਜਿਵੇਂ ਪਿੰਡਾਂ ਪੜੌਲ, ਬਾਂਸੇਪੁਰ, ਸੰਗਾਲਾਂ, ਢੋਡੇ ਮਾਜਰਾ, ਰਸੂਲਪੁਰ, ਸਲਾਮਤਪੁਰ, ਮੁੱਲਾਂਪੁਰ ਗਰੀਬਦਾਸ, ਜੈਂਤੀ ਮਾਜਰੀ, ਸੂੰਂਕ, ਕਸੌਲੀ, ਗੁੜਾ, ਪਲਹੇੜੀ, ਨਾਡਾ ਆਦਿ ਪਿੰਡਾਂ ਨਾਲ ਜੁੜਦੀਆਂ ਸੜਕਾਂ ਵਿੱਚ ਪਿਛਲੇ ਦਿਨਾਂ ਤੋਂ ਬਾਰਸ਼ ਹੋਣ ਕਾਰਨ ਸੜਕਾਂ ਵਿੱਚ ਪਏ ਖੱਡਿਆਂ ਵਿੱਚ ਐਨਾ ਪਾਣੀ ਖੜ ਗਿਆ ਹੈ ਕਿ ਭਾਵੇਂ ਸੜਕਾਂ ਵਿੱਚ ਪਏ ਟੋਇਆਂ ਵਿੱਚ ਧਾਨ/ਜੀਰੀ ਦੀ ਫਸਲ ਲਗਾ ਲਈ ਜਾਵੇ। ਮਲਕੀਤ ਸਿੰਘ, ਅਮਰ ਸਿੰਘ, ਤੇਜੀ ਅਤੇ ਬਿੱਟੂ ਪੜੌਲ, ਸੁਰਜੀਤ ਸਿੰਘ ਸੈਣੀਮਾਜਰਾ, ਸ਼ਾਮਲਾਲ ਗੁੜਾ, ਚਰਨਜੀਤ ਸਿੰਘ ਧਾਲੀਵਾਲ ਮੁੱਲਾਂਪੁਰ ਗਰੀਬਦਾਸ, ਸੁਰਿੰਦਰ ਸਿੰਘ ਰਾਣੀਮਾਜਰਾ ਆਦਿ ਅਨੁਸਾਰ ਸੜਕ ਵਿੱਚ ਦਿਖ ਰਹੇ ਮੋਟੇ-ਮੋਟੇ ਗੱਟਕੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਨਿਊ ਚੰਡੀਗੜ੍ਹ ਸ਼ਹਿਰ ਦੇ ਨਾਲ ਲਗਦੇ ਪਿੰਡਾਂ ਦੇ ਲੋਕਾਂ ਨੇ ਪੰਜਾਬ ਸਰਕਾਰ ਕੋਲੋਂ ਜ਼ੋਰਦਾਰ ਮੰਗ ਕੀਤੀ ਕਿ ਭੱਦੀ ਹਾਲਤ ਵਾਲੀਆਂ ਸੜਕਾਂ ਉੱਤੇ ਪਹਿਲ ਦੇ ਆਧਾਰ ਉਤੇ ਪ੍ਰੀਮਿਕਸ ਪਾਈ ਜਾਵੇ।
ਮੀਂਹ ਦੇ ਮੌਸਮ ਤੋਂ ਬਾਅਦ ਬਣਾਵਾਂਗੇ ਸੜਕਾਂ: ਕਾਂਗਰਸੀ ਆਗੂ
ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਸਮੇਤ ਖਾਸ ਕਰਕੇ ਖਰੜ ਹਲਕੇ ਵਿੱਚ ਕਈ ਪੇਂਡੂ ਸੜਕਾਂ ਨੂੰ ਨਵਾਂ ਰੂਪ ਦਿੱਤਾ ਗਿਆ ਹੈ ਅਤੇ ਬਾਕੀ ਰਹਿੰਦੀਆਂ ਸੜਕਾਂ ਬਰਸਾਤਾਂ ਦੇ ਮੌਸਮ ਤੋਂ ਬਾਅਦ ਬਣਵਾ ਦਿੱਤੀਆਂ ਜਾਣਗੀਆਂ।