ਕਰਮਜੀਤ ਸਿੰਘ ਚਿੱਲਾ
ਬਨੂੜ, 1 ਅਗਸਤ
ਸਥਾਨਕ ਖੇਤਰ ਦੇ ਅਨੇਕਾਂ ਪਿੰਡਾਂ ਵਿੱਚ ਅਗੇਤੇ ਝੋਨੇ ਉੱਤੇ ਨਿਵੇਕਲੀ ਕਿਸਮ ਦੀ ਬਿਮਾਰੀ ਨੇ ਹਮਲਾ ਕਰ ਦਿੱਤਾ ਹੈ। ਝੋਨੇ ਦੇ ਪੌਦਿਆਂ ਦੀ ਲੰਬਾਈ ਵਧਣ ਦੀ ਥਾਂ ਘਟਣੀ ਆਰੰਭ ਹੋ ਗਈ ਹੈ। ਕਿਸਾਨਾਂ ਵੱਲੋਂ ਅੰਨ੍ਹੇਵਾਹ ਸਪਰੇਆਂ ਵੀ ਕੀਤੀਆਂ ਜਾ ਰਹੀਆਂ ਹਨ ਪਰ ਕੋਈ ਫਰਕ ਨਹੀਂ ਪੈ ਰਿਹਾ। ਕਿਸਾਨਾਂ ਨੇ ਇਹ ਮਾਮਲਾ ਮੁਹਾਲੀ ਖੇਤੀਬਾੜੀ ਵਿਭਾਗ ਦੇ ਧਿਆਨ ਵਿੱਚ ਵੀ ਲਿਆਂਦਾ ਹੈ ਅਤੇ ਬਲਾਕ ਖੇਤੀਬਾੜੀ ਅਫ਼ਸਰ ਸੰਦੀਪ ਕੁਮਾਰ, ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਰਾਜੇਸ਼ ਕੁਮਾਰ ਰਹੀਜਾ ਵੀ ਆਪਣੀ ਟੀਮ ਨਾਲ ਮੌਕਾ ਵੇਖ ਚੁੱਕੇ ਹਨ। ਖੇਤੀਬਾੜੀ ਵਿਭਾਗ ਵੱਲੋਂ ਇਸ ਸਬੰਧੀ ਖੇਤੀਬਾੜੀ ਯੂਨੀਵਰਸਿਟੀ ਨੂੰ ਸੂਚਿਤ ਕਰਨ ਮਗਰੋਂ ਅੱਜ ਯੂਨੀਵਰਸਿਟੀ ਦੇ ਕੀਟ ਵਿਗਿਆਨੀ ਡਾ ਕਮਜਲੀਤ ਸਿੰਘ ਸੂਰੀ, ਪੈਥੋਲੋਜਿਸਟ ਡਾ. ਜਗਜੀਤ ਸਿੰਘ ਲੋਰੇ, ਪਲਾਂਟ ਬਰੀਡਰ ਡਾ. ਰਣਬੀਰ ਸਿੰਘ ਗਿੱਲ, ਐਗਰੋਨੋਮਿਸਟ ਡਾ. ਐੱਸਐੱਸ ਮਿਨਹਾਸ, ਬੀਟੀਐਮ ਜਗਦੀਪ ਸਿੰਘ ਉੱਤੇ ਆਧਾਰਿਤ ਉੱਚ ਪੱਧਰੀ ਟੀਮ ਨੇ ਪਿੰਡ ਮਨੌਲੀ ਸੂਰਤ ਦਾ ਦੌਰਾ ਕੀਤਾ।
ਟੀਮ ਨੇ ਪਿੰਡ ਦੇ ਸਰਪੰਚ ਨੈਬ ਸਿੰਘ, ਪ੍ਰਭਾਵਿਤ ਖੇਤਾਂ ਦੇ ਕਿਸਾਨਾਂ ਸਰਵਵੀਰ ਸਿੰਘ, ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਰਣਜੀਤ ਸਿੰਘ, ਹਰਨੇਕ ਸਿੰਘ ਆਦਿ ਤੋਂ ਖੇਤਾਂ ਵਿੱਚ ਮਧਰੇ ਰਹਿ ਗਏ ਝੋਨੇ ਸਬੰਧੀ ਜਾਣਕਾਰੀ ਹਾਸਲ ਕੀਤੀ। ਕਿਸਾਨਾਂ ਨੇ ਦੱਸਿਆ ਕਿ ਅਜਿਹੀ ਬਿਮਾਰੀ ਜ਼ਿਆਦਾਤਰ ਅਗੇਤੇ ਝੋਨੇ ਵਿੱਚ ਹੈ ਤੇ ਇਹ ਤਕਰੀਬਨ ਸਾਰੀਆਂ ਕਿਸਮਾਂ ਪੀਆਰ 126, 130, 131, 128, 127, 6129 ਵਿੱਚ ਹੈ। ਟੀਮ ਨੇ ਕਿਸਾਨਾਂ ਕੋਲੋਂ ਇਨ੍ਹਾਂ ਖੇਤਾਂ ਵਿੱਚ ਪਿਛਲੇ ਸਾਲ ਬੀਜੀ ਫ਼ਸਲ, ਕੀਤੀ ਗਈ ਸਪਰੇਅ ਆਦਿ ਸਬੰਧੀ ਜਾਣਕਾਰੀ ਹਾਸਲ ਕੀਤੀ। ਯੂਨੀਵਰਸਿਟੀ ਦੀ ਟੀਮ ਨੇ ਇਸ ਮੌਕੇ ਪ੍ਰਭਾਵਿਤ ਝੋਨੇ ਦੇ ਪੱਤਿਆਂ ਵਿੱਚੋਂ ਤਿੰਨ ਤਰ੍ਹਾਂ ਦੇ ਵਾਇਰਸ ਦੀ ਜਾਂਚ ਕਰਨ ਲਈ ਡੀਐੱਨਏ ਟੈਸਟਿੰਗ ਲਈ ਸੈਂਪਲ ਹਾਸਲ ਕੀਤੇ। ਉਨ੍ਹਾਂ ਝੋਨੇ ਦੇ ਬਿਮਾਰੀ ਤੋਂ ਪ੍ਰਭਾਵਿਤ ਅਤੇ ਤੰਦਰੁਸਤ ਬੂਟਿਆਂ ਦੇ ਵੀ ਸੈਂਪਲ ਲਏ। ਇਸ ਮੌਕੇ ਕੀਟ ਵਿਗਿਆਨੀ ਡਾ. ਸੂਰੀ ਨੇ ਕਿਹਾ ਪੰਜਾਬ ਦੇ ਕਈਂ ਹੋਰ ਜ਼ਿਲ੍ਹਿਆਂ ਵਿੱਚ ਵੀ ਝੋਨੇ ਦੇ ਬੂਟੇ ਮਧਰੇ ਰਹਿਣ ਦੀ ਇਹ ਬਿਮਾਰੀ ਪਹਿਲੀ ਵੇਰ ਪਾਈ ਗਈ ਹੈ। ਉਨ੍ਹਾਂ ਕਿਹਾ ਕਿ ਮੁੱਢਲੇ ਨਿਰੀਖ਼ਣ ਅਨੁਸਾਰ ਇਹ ਵਾਇਰਸ ਜਾਂ ਫਿਰ ਜ਼ਹਿਰੀਲੀ ਸਪਰੇਅ ਦੇ ਅੰਸ਼ਾਂ ਦਾ ਪ੍ਰਭਾਵ ਜਾਪਦਾ ਹੈ ਪਰ ਇਸ ਦੇ ਅਸਲੀ ਕਾਰਨ ਇੱਕ ਹਫ਼ਤੇ ਬਾਅਦ ਸਮੁੱਚੇ ਸੈਂਪਲਾਂ ਅਤੇ ਡੀਐੱਨਏ ਦੀ ਰਿਪੋਰਟ ਆਉਣ ਮਗਰੋਂ ਹੀ ਪਤਾ ਲੱਗ ਸਕਣਗੇ। ਇਸੇ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਝੋਨੇ ਉੱਤੇ ਅੰਨ੍ਹੇਵਾਹ ਸਪਰੇਅ ਤੋਂ ਗੁਰੇਜ਼ ਕਰਨ, ਦਵਾਈਆਂ ਵੇਚਣ ਵਾਲਿਆਂ ਨੂੰ ਅਜਿਹੀ ਬਿਮਾਰੀ ਲਈ ਕੋਈ ਦਵਾਈ ਨਾ ਵੇਚਣ ਲਈ ਕਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਢਾਈ ਕਿਲੋ ਯੂਰੀਏ ਦੇ ਘੋਲ ਵਿੱਚ ਅੱਧਾ ਕਿਲੋ ਜ਼ਿੰਕ ਫਾਸਫੇਟ(21ਫ਼ੀਸਦੀ) ਦਾ ਛਿੜਕਾਅ ਪ੍ਰਤੀ ਏਕੜ ਕਰਨ ਦੀ ਸਲਾਹ ਦਿੱਤੀ ਹੈ।