ਹਰਜੀਤ ਸਿੰਘ
ਜ਼ੀਰਕਪੁਰ, 12 ਨਵੰਬਰ
ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵੀਆਈਪੀ ਰੋਡ ’ਤੇ ਡੌਮੀਨੋਜ਼ ਚੌਕ ਤੋਂ ਸਾਊਥ ਸਿਟੀ ਤੱਕ ਸੜਕ ’ਤੇ ਸੀਵਰੇਜ ਦੇ ਓਵਰਫਲੋਅ ਅਤੇ ਪਾਣੀ ਭਰਨ ਦੀ ਸਮੱਸਿਆ ਦੇ ਹੱਲ ਲਈ ਨਗਰ ਕੌਂਸਲ ਵੱਲੋਂ ਸੀਵਰੇਜ ਦੀਆਂ ਪਾਈਪਾਂ ਬਦਲਣ ਦੇ ਕੰਮ ਦਾ ਨੀਂਹ ਪੱਥਰ ਰੱਖਿਆ। ਇਸ 2.2 ਕਿਲੋਮੀਟਰ ਦੀ ਨਵੀਂ ਪਾਈਪਲਾਈਨ ਦਾ ਕੰਮ ਸੀਵਰੇਜ ਵਿਭਾਗ ਵੱਲੋਂ ਅਤੇ ਨਗਰ ਕੌਂਸਲ ਦੀ ਵਿੱਤੀ ਸਹਾਇਤਾ ਨਾਲ 4 ਮਹੀਨਿਆਂ ਵਿੱਚ ਕੀਤਾ ਜਾਵੇਗਾ।
ਵਿਧਾਇਕ ਰੰਧਾਵਾ ਨੇ ਕਿਹਾ ਕਿ ਪੁਰਾਣੀ ਸੀਵਰੇਜ ਪਾਈਪ ਨੂੰ ਬਦਲਣ ਦਾ ਫ਼ੈਸਲਾ ਸਥਾਨਕ ਵਾਸੀਆਂ ਅਤੇ ‘ਆਪ’ ਦੇ ਸਥਾਨਕ ਆਗੂਆਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਲਿਆ ਗਿਆ ਹੈ। ਵਿਧਾਇਕ ਰੰਧਾਵਾ ਨੇ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਇਹ ਕੰਮ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੌਰਾਨ ਉਸਾਰੀ ਦੇ ਕੰਮ ਕਾਰਨ ਲੋਕਾਂ ਨੂੰ ਅਸੁਵਿਧਾਵਾਂ ਦਾ ਸਾਹਮਣਾ ਕਰਨਾ ਪਵੇਗਾ, ਜਿਸ ਲਈ ਉਨ੍ਹਾਂ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ। ਇਸ ਮੌਕੇ ਡੀਐੱਸਪੀ ਜਸਪਿੰਦਰ ਸਿੰਘ ਵੀ ਹਾਜ਼ਰ ਸਨ।