ਚਰਨਜੀਤ ਸਿੰਘ ਚੰਨੀ
ਮੁੱਲਾਂਪਰ ਗਰੀਬਦਾਸ, 31 ਅਕਤੂਬਰ
ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਹਲਕਾ ਖਰੜ੍ਹ ਵਿੱਚ ਰਾਣਾ ਰਣਜੀਤ ਸਿੰਘ ਗਿੱਲ ਦੀ ਚੋਣ ਮੁਹਿੰਮ ਦਾ ਆਗਾਜ ਕਰਦਿਆਂ ਨਿਊ ਚੰਡੀਗੜ੍ਹ ਇਲਾਕੇ ਵਿੱਚ ਕਰਵਾਏ ਸਮਾਗਮਾਂ ਦੌਰਾਨ ਲੋਕਾਂ ਨੂੰ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਨਗਰ ਕੌਂਸਲ ਨਵਾਂ ਗਾਉਂ ਵਿੱਚ ਲੋਕਾਂ ਨੇ ਸੀਵਰੇਜ ਸਿਸਟਮ ਦੀ ਘਾਟ ਨੂੰ ਪੂਰਾ ਕਰਨ, ਸੜਕਾਂ ਦੀ ਮਾੜੀ ਹਾਲਤ ਸੁਧਾਰਨ ਸਮੇਤ ਕਾਂਸਲ ਇਲਾਕੇ ਵਿੱਚ ਕੈਚਮੈਂਟ ਦੇ ਗਲ ਘੋਟੂ ਰੋਗ ਨੂੰ ਖਤਮ ਕਰਵਾਉਣ ਲਈ ਕਾਨੂੰਨ ਪਾਸ ਕਰਵਾਉਣ ਆਦਿ ਮੰਗਾਂ ਰੱਖੀਆਂ। ਨਵਾਂ ਗਾਉਂ ਅਤੇ ਕਾਂਸਲ ਵਿੱਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਰਕਾਰ ਬਣਦਿਆਂ ਹੀ ਨਵਾਂ ਗਾਉਂ ਨੂੰ ਨਿਊ ਚੰਡੀਗੜ੍ਹ ਦਾ ਹਿੱਸਾ ਬਣਾਇਆ ਜਾਵੇਗਾ ਅਤੇ ਗਮਾਡਾ ਰਾਹੀਂ ਇਸ ਇਲਾਕੇ ਦੇ ਸਰਬਪੱਖੀ ਵਿਕਾਸ ਦੇ ਰਾਹ ਖੁੱਲਣਗੇ। ਉਨ੍ਹਾਂ ਕਿਹਾ ਕਿ ਸਿੱਖਿਆ ਤੇ ਸਿਹਤ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਸਰਕਾਰ ਵਿਸ਼ੇਸ਼ ਤਰਜੀਹ ਦੇਵੇਗੀ। ਸੁਖਬੀਰ ਬਾਦਲ ਅਨੁਸਾਰ ਉਨ੍ਹਾਂ ਸਿੱਖਿਆ ਦੇ ਖੇਤਰ ਦੀ ਵਿਸ਼ੇਸ਼ ਯੋਜਨਾ ਤਿਆਰ ਕੀਤੀ ਹੈ। ਉਨ੍ਹਾਂ ਕਿਹਾ ਕਿ ਇੱਕ ਲੱਖ ਆਬਾਦੀ ਪਿੱਛੇ ਪੰਜ ਹਜ਼ਾਰ ਬੱਚਿਆਂ ਦੀ ਸਮਰੱਥਾ ਵਾਲਾ ਇਕ ਹੀ ਸਕੂਲ ਹੋਵੇਗਾ, ਜਿਸ ਵਿੱਚ ਉਚ ਸਿੱਖਿਆ ਨਾਲ ਲੈਸ ਸਟਾਫ ਤੇ ਆਧੁਨਿਕ ਸਹੂਲਤਾਂ ਹੋਣਗੀਆਂ, ਜਿਸ ਨਾਲ ਗਰੀਬ ਤਬਕੇ ਦੇ ਬੱਚਿਆਂ ਦਾ ਭਵਿੱਖ ਰੋਸ਼ਨ ਹੋਵੇਗਾ। ਨਿਊ ਚੰਡੀਗੜ੍ਹ ਵਿੱਚ ਨਗਰ ਕੌਂਸਲ ਨਵਾਂ ਗਾਉਂ ਨੂੰ ਸ਼ਾਮਲ ਕਰਕੇ ਮਾਸਟਰ ਪਲਾਨ ਤਿਆਰ ਕਰਕੇ ਵਿਕਾਸ ਕਾਰਜ ਸ਼ੁਰੂ ਹੋਣ ਨਾਲ ਖੂਬਸੂਰਤ ਸ਼ਹਿਰ ਚੰਡੀਗੜ੍ਹ ਨਾਲ ਲੱਗਦੇ ਇਸ ਖੇਤਰ ਬਾਰੇ ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਜ਼ਮੀਨ ਜਾਇਦਾਦ ਦੇ ਭਾਅ ਵੀ ਚੌਗੁਣੇ ਹੋਣਗੇ। ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਰਾਣਾ ਰਣਜੀਤ ਸਿੰਘ ਗਿੱਲ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਜੋ ਕਿਹਾ ਕਰਕੇ ਦਿਖਾਇਆ ਹੈ, ਇੱਕ ਇੱਕ ਵਾਅਦਾ ਸਰਕਾਰ ਬਣਨ ਮਗਰੋਂ ਪੂਰਾ ਕਰਾਂਗੇ।
ਇਸ ਮੌਕੇ ਪ੍ਰੇਮ ਸਿੰਘ ਚੰਦੂਮਾਜਰਾ, ਰਾਣਾ ਰਣਜੀਤ ਸਿੰਘ ਗਿੱਲ, ਕੌਂਸਲਰ ਤਰਨਜੀਤ ਕੌਰ ਬੈਂਸ ਕਾਂਸਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਅਜਮੇਰ ਸਿੰਘ ਖੇੜਾ, ਬਸਪਾ ਆਗੂ ਰਾਜਿੰਦਰ ਸਿੰਘ ਰਾਜਾ ਨਨਹੇੜੀਆਂ, ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਕਾਲੇਵਾਲ, ਪ੍ਰਧਾਨ ਗੁਰਧਿਆਨ ਸਿੰਘ, ਕੌਂਸਲਰ ਗੁਰਬਚਨ ਸਿੰਘ, ਸਾਬਕਾ ਕੌਂਸਲਰ ਅਰਜਨ ਸਿੰਘ ਕਾਂਸਲ, ਸਾਬਕਾ ਕੌਂਸਲਰ ਇਕਬਾਲ ਸਿੰਘ ਸੈਣੀ ਕਾਂਸਲ, ਉਦਯੋਗਪਤੀ ਰਵੀ ਸ਼ਰਮਾ ਮੁੱਲਾਂਪੁਰ ਗਰੀਬਦਾਸ, ਰਵਿੰਦਰ ਸਿੰਘ, ਰਵਨੀਤ ਸਿੰਘ ਬੈਂਸ, ਕੌਂਸਲ ਪ੍ਰਧਾਨ ਬੀਬੀ ਬਲਵਿੰਦਰ ਕੌਰ, ਕੁਲਜੀਤ ਸਿੰਘ ਕਾਂਸਲ ਨੇ ਸੰਬੋਧਨ ਕੀਤਾ। ਇਸੇ ਦੌਰਾਨ ਮਾਜਰਾ ਟੀ ਪੁਆਇੰਟ ਤੋਂ ਮੁੱਲਾਂਪੁਰ ਗਰੀਬਦਾਸ ਤੇ ਚੰਡੀਗੜ੍ਹ ਦੇ ਬੈਰੀਅਰ ਤੱਕ ਅਕਾਲੀ ਦਲ ਦੇ ਸੀਨੀਅਰ ਯੂਥ ਆਗੂ ਰਵਿੰਦਰ ਸਿੰਘ ਖੇੜਾ ਤੇ ਸਤਵੀਰ ਸਿੰਘ ਸੱਤੀ ਮੁੱਲਾਂਪੁਰ ਗਰੀਬਦਾਸ ਦੀ ਅਗਵਾਈ ’ਚ ਸੁਖਬੀਰ ਬਾਦਲ ਦੇ ਕਾਫਲੇ ਨਾਲ ਮੋਟਰਸਾਈਕਲ ਰੈਲੀ ਕੀਤੀ ਗਈ।