ਆਤਿਸ਼ ਗੁਪਤਾ
ਚੰਡੀਗੜ੍ਹ, 19 ਅਕਤੂਬਰ
ਕੌਮੀ ਜਾਂਚ ਏਜੰਸੀ (ਐੱਨਆਈਏ) ਦੀ ਟੀਮ ਵੱਲੋਂ ਕੱਲ੍ਹ ਗੈਂਗਸਟਰਾਂ ਦੇ ਕੇਸਾਂ ਦੀ ਪੈਰਵੀ ਕਰਨ ਵਾਲੀ ਐਡਵੋਕੇਟ ਸ਼ੈਲੀ ਸ਼ਰਮਾ ਦੇ ਚੰਡੀਗੜ੍ਹ ਸੈਕਟਰ-27 ਵਿੱਚ ਸਥਿਤ ਘਰ ਵਿੱਚ ਛਾਪਾ ਮਾਰਨ ਤੋਂ ਖਫ਼ਾ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੇ ਦਿਸ਼ਾ-ਨਿਰਦੇਸ਼ ’ਤੇ ਵਕੀਲਾਂ ਨੇ ਹਾਈ ਕੋਰਟ ਅਤੇ ਜ਼ਿਲ੍ਹਾ ਅਦਾਲਤ ਵਿੱਚ ਹੜਤਾਲ ਕੀਤੀ। ਇਸ ਮੌਕੇ ਵਕੀਲਾਂ ਨੇ ਕੰਮ ਬੰਦ ਕਰਦਿਆਂ ਐੱਨਆਈਏ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।
ਜ਼ਿਲ੍ਹਾ ਬਾਰ ਐਸੋਸੀਏਸ਼ਨ ਚੰਡੀਗੜ੍ਹ ਦੇ ਪ੍ਰਧਾਨ ਸੁਨੀਲ ਕੁਮਾਰ ਟੋਨੀ ਨੇ ਐਡਵੋਕੇਟ ਸ਼ੈਲੀ ਸ਼ਰਮਾ ਦੇ ਘਰ ਵਿੱਚ ਐੱਨਆਈਏ ਦੇ ਛਾਪੇ ਨੂੰ ਗ਼ੈਰਕਾਨੂੰਨੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਵਕੀਲ ਦਾ ਕੰਮ ਆਪਣੇ ਕਲਾਈਂਟ ਦਾ ਬਚਾਅ ਕਰਨਾ ਹੁੰਦਾ ਹੈ, ਜੇ ਐੱਨਆਈਏ ਜਾਂ ਹੋਰਨਾਂ ਜਾਂਚ ਏਜੰਸੀਆਂ ਵਕੀਲਾਂ ਦੇ ਘਰਾਂ ਵਿੱਚ ਹੀ ਛਾਪੇ ਮਾਰਨ ਲੱਗ ਜਾਣਕਾਰੀਆਂ ਤਾਂ ਵਕੀਲਾਂ ਨੇ ਗੈਂਗਸਟਰਾਂ ਜਾਂ ਵੱਡੇ ਮੁਲਜ਼ਮਾਂ ਦਾ ਕੰਮ ਕਰਨਾ ਹੀ ਬੰਦ ਕਰ ਦੇਣਾ ਹੈ। ਇਸ ਨਾਲ ਹੀ ਵਕੀਲ ਭਾਈਚਾਰੇ ਨੇ ਐੱਨਆਈਏ ਵੱਲੋਂ ਕਬਜ਼ੇ ਵਿੱਚ ਲਏ ਦੋ ਮੋਬਾਈਲ ਫੋਨ ਵਾਪਸ ਕਰਨ ਦੀ ਮੰਗ ਕੀਤੀ। ਇਸ ਦੌਰਾਨ ਐੱਨਆਈਏ ਨੇ ਐਡਵੋਕੇਟ ਸ਼ੈਲੀ ਸ਼ਰਮਾ ਦੇ ਲੈਪਟਾਪ, ਮੋਬਾਈਲ ਫੋਨ ਅਤੇ ਬੈਂਕ ਖਾਤਿਆਂ ਦੀ ਜਾਂਚ ਕੀਤੀ। ਐੱਨਆਈਏ ਐਡਵੋਕੇਟ ਸ਼ੈਲੀ ਸ਼ਰਮਾ ਦੇ ਦੋ ਮੋਬਾਈਲ ਕਬਜ਼ੇ ਵਿੱਚ ਲੈ ਕੇ ਚਲੀ ਗਈ।
ਦੂਜੇ ਪਾਸੇ, ਐੱਨਆਈਏ ਦੀ ਕਾਰਵਾਈ ਤੋਂ ਖਫ਼ਾ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਨੇ ਐੱਨਆਈਏ ਦੇ ਡਾਇਰੈਕਟਰ ਜਨਰਲ ਦੇ ਨਾਂ ਪੱਤਰ ਲਿਖ ਕੇ ਕਾਰਵਾਈ ਦੀ ਨਿਖੇਧੀ ਕੀਤੀ ਅਤੇ ਚੰਡੀਗੜ੍ਹ ਵਿੱਚ ਹਾਈ ਕੋਰਟ ਦੇ ਵਕੀਲਾਂ ਨੇ ਹੜਤਾਲ ਕਰਦਿਆਂ ਕੰਮਕਾਜ ਬੰਦ ਕੀਤਾ। ਗੌਰਤਲਬ ਹੈ ਕਿ ਐਡਵੋਕੇਟ ਸ਼ੈਲੀ ਸ਼ਰਮਾ ਪਿਛਲੇ ਲੰਬੇ ਸਮੇਂ ਤੋਂ ਗੈਂਗਸਟਰ ਬੰਬੀਹਾ, ਬਿਸ਼ਨੋਈ ਅਤੇ ਜੱਗੂ ਭਗਵਾਨਪੂਰੀਆਂ ਗਰੁੱਪ ਨਾਲ ਸਬੰਧਿਤ ਵਿਅਕਤੀਆਂ ਦੇ ਕੇਸ ਲੜ ਰਹੀ ਹੈ। ਇਨ੍ਹਾਂ ਵਿੱਚੋਂ ਕਈ ਗੈਂਗਸਟਰਾਂ ਨੂੰ ਬਰੀ ਵੀ ਕਰਾ ਚੁੱਕੀ ਹੈ।
ਅੰਬਾਲਾ (ਰਤਨ ਸਿੰਘ ਅੰਬਾਲਾ): ਐਨਆਈਏ ਵੱਲੋਂ ਹਰਿਆਣਾ ਅਤੇ ਪੰਜਾਬ ਦੇ ਵਕੀਲਾਂ ਦੇ ਘਰਾਂ ’ਤੇ ਮਾਰੇ ਛਾਪਿਆਂ ਦੇ ਵਿਰੋਧ ਵਿੱਚ ਰੋਸ ਪ੍ਰਗਟਾਉਂਦਿਆਂ ਅੱਜ ਅੰਬਾਲਾ ਦੇ ਵਕੀਲਾਂ ਨੇ ਬਾਰ ਕੌਂਸਲ ਦੇ ਸੱਦੇ ’ਤੇ ਕੰਮ ਬੰਦ ਰੱਖਿਆ। ਇਸ ਕਾਰਨ ਅਦਾਲਤੀ ਕੇਸਾਂ ਦੀ ਸੁਣਵਾਈ ਪ੍ਰਭਾਵਿਤ ਹੋਈ। ਅੰਬਾਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦਿਲਬਾਗ ਸਿੰਘ ਦਾਨੀਪੁਰ ਨੇ ਦੱਸਿਆ ਕਿ ਹਰਿਆਣਾ ਸਹਿਤ ਚੰਡੀਗੜ੍ਹ ਅਤੇ ਬਠਿੰਡਾ ਵਿਚ ਵਕੀਲਾਂ ਦੇ ਘਰਾਂ ’ਤੇ ਛਾਪੇ ਮਾਰੇ ਗਏ ਜਿਸ ਦਾ ਉਹ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਐਨਆਈਏ ਵੱਲੋਂ ਵਕੀਲਾਂ ਦੇ ਘਰਾਂ ’ਤੇ ਮਾਰੇ ਛਾਪੇ ਗ਼ੈਰਕਾਨੂੰਨੀ ਹਨ।
ਫ਼ਤਹਿਗੜ੍ਹ ਸਾਹਿਬ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਫ਼ਤਹਿਗੜ੍ਹ ਸਾਹਿਬ (ਡਾ. ਹਿਮਾਂਸ਼ ਸੂਦ): ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਵੱਲੋਂ ਪ੍ਰਧਾਨ ਐਡਵੋਕੇਟ ਰਾਜਵੀਰ ਸਿੰਘ ਗਰੇਵਾਲ ਦੀ ਅਗਵਾਈ ਵਿਚ ਜ਼ਿਲ੍ਹਾ ਅਦਾਲਤਾਂ ਅੱਗੇ ਕੇਂਦਰ ਸਰਕਾਰ ਦੀ ਐਨਆਈਏ ਖ਼ਿਲਾਫ਼ ਇੱਕ ਰੋਜ਼ਾ ਕੰਮਛੋੜ ਹੜਤਾਲ ਕਰ ਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪ੍ਰਧਾਨ ਰਾਜਵੀਰ ਸਿੰਘ ਗਰੇਵਾਲ, ਸਾਬਕਾ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਅਤੇ ਗਗਨਦੀਪ ਸਿੰਘ ਵਿਰਕ ਨੇ ਕਿਹਾ ਕਿ ਐਨਆਈਏ ਨੇ ਵਕੀਲ ਦੇ ਮੋਬਾਈਲ ਫੋਨ ਬਿਨਾਂ ਕਾਰਨ ਤੋਂ ਜ਼ਬਤ ਕਰ ਲਏ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀਆਂ ਮਨਮਰਜ਼ੀਆਂ ਵਧਦੀਆਂ ਜਾ ਰਹੀਆਂ ਹਨ ਅਤੇ ਵਕੀਲ ਭਾਈਚਾਰਾ ਕਾਨੂੰਨ ਨੂੰ ਪੂਰੀ ਤਰ੍ਹਾਂ ਜਾਣਦਾ ਹੈ, ਇਸ ਲਈ ਸਰਕਾਰਾਂ ਵਕੀਲਾਂ ਨੂੰ ਕਾਨੂੰਨ ਸਮਝਾਉਣ ਦੀਆਂ ਗੱਲਾਂ ਨਾ ਕਰਨ। ਉਨ੍ਹਾਂ ਕਿਹਾ ਕਿ ਵਕੀਲ ਭਾਈਚਾਰਾ ਪੂਰੀ ਤਰ੍ਹਾਂ ਇੱਕਜੁੱਟ ਹੈ ਅਤੇ ਕਿਸੇ ਵੀ ਵਕੀਲ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇ ਕਿਸੇ ਵਕੀਲ ਨਾਲ ਧੱਕਾ ਕੀਤਾ ਗਿਆ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨਗੇ।