ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 11 ਨਵੰਬਰ
ਚੰਡੀਗੜ੍ਹ ਨਗਰ ਨਿਗਮ ਵਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਅਤੇ ਸੁਝਾਵਾਂ ਨੂੰ ਸੁਣਨ ਲਈ ਵਿੱਢੀ ਗਈ ਪ੍ਰੋਗਰਾਮਾਂ ਦੀ ਲੜੀ ਤਹਿਤ ਅੱਜ ਇਥੇ ਸੈਕਟਰ 50 ਵਿੱਚ ‘ਨਿਗਮ ਆਪਕੇ ਦੁਆਰ’ ਪ੍ਰੋਗਰਾਮ ਕੀਤਾ ਗਿਆ।
ਇਸ ਮੌਕੇ ਮੇਅਰ ਰਵੀ ਕਾਂਤ ਸ਼ਰਮਾ ਵਲੋਂ ਇਥੇ ਲਗਪਗ ਪੌਣੇ ਦੋ ਏਕੜ ਵਿੱਚ ਤਿਆਰ ਕੀਤੀ ਗਈ ਗ੍ਰੀਨਬੈਲਟ ਦਾ ਉਦਘਾਟਨ ਕੀਤਾ ਗਿਆ। ਗਰੀਨ ਬੈਲਟ ਦਾ ਉਦਘਾਟਨ ਮਗਰੋਂ ਮੇਅਰ ਰਵੀ ਕਾਂਤ ਸ਼ਰਮਾ ਅਤੇ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਕਮਿਊਨਿਟੀ ਸੈਂਟਰ ਸੈਕਟਰ 50 ਵਿੱਚ ‘ਨਿਗਮ ਆਪਕੇ ਦੁਆਰ’ ਪ੍ਰੋਗਰਾਮ ਤਹਿਤ ਸਥਾਨਕ ਵਾਰਡ ਵਾਸੀਆਂ ਨਾਲ ਨਗਰ ਨਿਗਮ ਦੇ ਕਾਰਜਾਂ ਬਾਰੇ ਚਰਚਾ ਕੀਤੀ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਨਾਲ ਸਬੰਧਤ ਸਮੱਸਿਆਵਾਂ ਅਤੇ ਸੁਝਾਵਾਂ ਦਾ ਜ਼ਿਕਰ ਵੀ ਕੀਤਾ।
ਕਮਿਸ਼ਨਰ ਮਿਤਰਾ ਨੇ ਅਧਿਕਾਰੀਆਂ ਨੇ ਚੰਡੀਗੜ੍ਹ ਪ੍ਰਸ਼ਾਸਨ ਨਾਲ ਸਬੰਧਤ ਮੁੱਦੇ ਨੋਟ ਕਰਨ ਅਤੇ ਸਬੰਧਤ ਅਧਿਕਾਰੀਆਂ ਕੋਲ ਉਠਾਉਣ ਦੀ ਹਦਾਇਤ ਕੀਤੀ। ਪ੍ਰੋਗਰਾਮ ਦੌਰਾਨ ਮੇਅਰ ਮੇਅਰ ਰਵੀ ਕਾਂਤ ਨੇ ਮੌਕੇ ਤੇ ਹਾਜ਼ਰ ਨਗਰ ਨਿਗਮ ਦੇ ਸਬੰਧਤ ਅਧਿਕਾਰੀਆਂ ਨੂੰ ਇਸ ਵਾਰਡ ਨੰ.13 ਵਿੱਚ ਅਲਾਟ ਕੀਤੇ ਵਿਕਾਸ ਕਾਰਜਾਂ ਦੀ ਨਿਗਰਾਨੀ ਕਰਨ ਤੇ ਰੋਜ਼ਾਨਾ ਰਿਪੋਰਟ ਰੱਖਣ ਦੀ ਹਾਦਾਇਤ ਕੀਤੀ। ਉਨ੍ਹਾਂ ਨਿਗਮ ਦੇ ਬੀ ਐਂਡ ਆਰ ਵਿੰਗ ਦੇ ਇੰਜਨੀਅਰਾਂ ਨੂੰ ਵੀ-4 ਸੜਕਾਂ ਨੂੰ ਪਹਿਲ ਦੇ ਆਧਾਰ ‘ਤੇ ਦੁਬਾਰਾ ਬਣਾਉਣ ਦੇ ਨਿਰਦੇਸ਼ ਦਿੱਤੇ। ਇਸ ਤੋਂ ਪਹਿਲਾਂ ਇਲਾਕਾ ਕੌਂਸਲਰ ਹੀਰਾ ਨੇਗੀ ਨੇ ਪ੍ਰੋਗਰਾਮ ਮੇਅਰ ਅਤੇ ਨਿਗਮ ਕਮਿਸ਼ਨਰਦਾ ਸਵਾਗਤ ਕੀਤਾ। ਉਨ੍ਹਾਂ ਉੱਥੇ ਖਾਲੀ ਪਈ ਰਾਖਵੀਂ ਜ਼ਮੀਨ ਦੀ ਸਫ਼ਾਈ ਦਾ ਮੁੱਦਾ ਵੀ ਚੁੱਕਿਆ, ਜਿੱਥੋਂ ਕਲੋਨੀ ਨੰਬਰ 5 ਨੂੰ ਸ਼ਿਫ਼ਟ ਕੀਤਾ ਗਿਆ ਸੀ। ਕਮਿਸ਼ਨਰ ਨੇ ਮੌਕੇ ’ਤੇ ਹਾਜ਼ਰ ਬਾਗਬਾਨੀ ਵਿੰਗ ਦੇ ਸਬੰਧਤ ਅਧਿਕਾਰੀਆਂ ਨੂੰ ਇਸ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਕੋਲ ਮੁੱਦਾ ਚੁੱਕਣ ਅਤੇ ਇਸ ਸਮੱਸਿਆ ਨੂੰ ਜਲਦੀ ਤੋਂ ਜਲਦੀ ਹੱਲ ਕਰਵਾਉਣ ਦੀ ਹਦਾਇਤ ਕੀਤੀ। ਪ੍ਰੋਗਰਾਮ ਦੌਰਾਨ ਇਲਾਕੇ ਦੀਆਂ ਵੱਖ-ਵੱਖ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ ਦੇ ਅਹੁਦੇਦਾਰ ਅਤੇ ਪਤਵੰਤੇ ਹਾਜ਼ਰ ਸਨ।