ਮੁਕੇਸ਼ ਕੁਮਾਰ
ਚੰਡੀਗੜ੍ਹ, 25 ਅਕਤੂਬਰ
ਚੰਡੀਗੜ੍ਹ ਨਗਰ ਨਿਗਮ ਵੱਲੋਂ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਮੇਅਰ ਤੇ ਨਗਰ ਨਿਗਮ ਅਧਿਕਾਰੀਆਂ ਦਾ ਸਿੱਧਾ ਰਾਬਤਾ ਲੋਕਾਂ ਨਾਲ ਕਾਇਮ ਕਰਨ ਲਈ ਸ਼ੁਰੂ ਕੀਤੇ ਗਏ ‘ਨਿਗਮ ਆਪਕੇ ਦੁਆਰ’ ਪ੍ਰੋਗਰਾਮਾਂ ਦੀ ਲੜੀ ਤਹਿਤ ਇੱਥੇ ਮਨੀਮਾਜਰਾ ਸਥਿਤ ਮੋਰੀ ਗੇਟ ਚਿਲਡਰਨ ਪਾਰਕ ਵਿੱਚ ਨਿਗਮ ਦਾ ਦਰਬਾਰ ਲੱਗਿਆ। ਇਸ ਤੋਂ ਪਹਿਲਾਂ ਮੇਅਰ ਰਵੀ ਕਾਂਤ ਸ਼ਰਮਾ ਨੇ ਇੱਥੇ ਨਵੀਨੀਕਰਨ ਕੀਤੇ ਗਏ ਚਿਲਡਰਨ ਪਾਰਕ ਨੂੰ ਲੋਕਾਂ ਨੂੰ ਸਮਰਪਿਤ ਕੀਤਾ। ਮੇਅਰ ਸ੍ਰੀ ਸ਼ਰਮਾ ਨੇ ਦੱਸਿਆ ਕਿ ਲਗਪਗ ਇੱਕ ਏਕੜ ਰਕਬੇ ਵਿੱਚ ਫੈਲੇ ਇਸ ਪਾਰਕ ਨੂੰ ਫੁੱਟਪਾਥ, ਲੈਂਡਸਕੇਪਿੰਗ, ਘਾਹ, ਸਜਾਵਟੀ ਤੇ ਫੁੱਲਦਾਰ ਬੂਟੇ, ਰੇਲਿੰਗ, ਬੈਠਣ ਲਈ ਬੈਂਚ, ਦੀਵਾਰਾਂ ਦੀ ਪੇਂਟਿੰਗ, ਫੁਹਾਰਾ ਅਤੇ ਬੱਚਿਆਂ ਦੇ ਖੇਡਣ ਦੇ ਸਾਮਾਨ ਦੀ ਮੁਰੰਮਤ ਅਤੇ ਪੇਂਟਿੰਗ ਆਦਿ ’ਤੇ ਦਸ ਲੱਖ ਰੁਪਏ ਖਰਚ ਕਰ ਕੇ ਮੁੜ ਸੁਰਜੀਤ ਕੀਤਾ ਗਿਆ ਹੈ। ਪਾਰਕ ਦੇ ਉਦਘਾਟਨ ਤੋਂ ਬਾਅਦ ਮੇਅਰ ਅਤੇ ਨਿਗਮ ਅਧਿਕਾਰੀਆਂ ਨੇ ਚਿਲਡਰਨ ਪਾਰਕ ਵਿੱਚ ‘ਨਿਗਮ ਆਪਕੇ ਦੁਆਰ’ ਪ੍ਰੋਗਰਾਮ ਦੌਰਾਨ ਸਥਾਨਕ ਨਿਵਾਸੀਆਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਸੁਣੇ। ਇਸ ਦੌਰਾਨ ਇਲਾਕਾ ਵਾਸੀਆਂ ਨੇ ਇੱਥੋਂ ਦੇ ਮਕਾਨਾਂ ਦੀ ਟਰਾਂਸਫਰ ਲਈ ਲੋੜੀਂਦੀ ਐੱਨਓਸੀ ਦਾ ਮੁੱਦਾ ਚੁੱਕਿਆ।