ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 11 ਸਤੰਬਰ
ਕੇਂਦਰ ਸਰਕਾਰ ਵੱਲੋਂ ਨਿਤਿਨ ਯਾਦਵ ਨੂੰ ਚੰਡੀਗੜ੍ਹ ਦਾ ਗ੍ਰਹਿ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਹ ਹਰਿਆਣਾ ਕੇਡਰ ਦੇ ਸਾਲ 2000 ਬੈੱਚ ਦੇ ਆਈਏਐੱਸ ਅਧਿਕਾਰੀ ਹਨ, ਜਿਨ੍ਹਾਂ ਨੂੰ ਅੱਜ ਹਰਿਆਣਾ ਸਰਕਾਰ ਨੇ ਡਾਇਰੈਕਟਰ ਜਨਰਲ ਸਪਲਾਈ ਅਤੇ ਡਿਸਪੋਸਲ ਵਿਭਾਗ ਹਰਿਆਣਾ ਦੇ ਅਹੁਦੇ ਤੋਂ ਰਿਲੀਵ ਕਰ ਦਿੱਤਾ ਹੈ। ਨਿਤਿਨ ਯਾਦਵ ਸੋਮਵਾਰ ਨੂੰ ਚੰਡੀਗੜ੍ਹ ਦੇ ਗ੍ਰਹਿ ਸਕੱਤਰ ਵਜੋਂ ਕਾਰਜਭਾਰ ਸੰਭਾਲ ਸਕਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਨਿਤਿਨ ਯਾਦਵ ਨੂੰ ਤਿੰਨ ਸਾਲਾਂ ਲਈ ਯੂਟੀ ਦਾ ਗ੍ਰਹਿ ਸਕੱਤਰ ਲਗਾਇਆ ਗਿਆ ਹੈ ਜਦਕਿ ਇਸ ਕਾਰਜਕਾਲ ਵਿੱਚ ਬਦਲਾਅ ਵੀ ਕੀਤਾ ਜਾ ਸਕਦਾ ਹੈ।
ਇਸ ਤੋਂ ਪਹਿਲਾਂ ਯੂਟੀ ਦੇ ਗ੍ਰਹਿ ਸਕੱਤਰ ਵਜੋਂ ਅਰੁਣ ਕੁਮਾਰ ਗੁਪਤਾ ਸੇਵਾਵਾਂ ਨਿਭਾਅ ਰਹੇ ਸਨ। ਉਨ੍ਹਾਂ ਦਾ ਕਾਰਜਕਾਲ 31 ਮਈ 2021 ਨੂੰ ਖਤਮ ਹੋ ਗਿਆ ਸੀ। ਉਸ ਤੋਂ ਬਾਅਦ ਕੇਂਦਰ ਸਰਕਾਰ ਨੇ ਸ੍ਰੀ ਗੁਪਤਾ ਦੇ ਕਾਰਜਕਾਲ ਵਿੱਚ ਤਿੰਨ ਮਹੀਨੇ ਦਾ ਵਾਧਾ ਕਰ ਦਿੱਤਾ ਸੀ। ਉਨ੍ਹਾਂ ਦੀਆਂ ਸੇਵਾਵਾਂ 31 ਅਗਸਤ ਨੂੰ ਖਤਮ ਹੋ ਗਈਆਂ ਸਨ। ਯੂਟੀ ਪ੍ਰਸ਼ਾਸਨ ਨੇ ਸ੍ਰੀ ਗੁਪਤਾ ਨੂੰ 31 ਅਗਸਤ ਨੂੰ ਰਿਲੀਵ ਕਰ ਦਿੱਤਾ ਸੀ। ਇਸ ਉਪਰੰਤ ਯੂਟੀ ਪ੍ਰਸ਼ਾਸਨ ਨੇ ਵਿੱਤ ਸਕੱਤਰ ਨੂੰ ਗ੍ਰਹਿ ਸਕੱਤਰ ਦਾ ਵਾਧੂ ਸੇਵਾਵਾਂ ਦੇ ਦਿੱਤੀਆਂ ਸਨ।