ਹਰਜੀਤ ਸਿੰਘ
ਡੇਰਾਬੱਸੀ, 31 ਜਨਵਰੀ
ਕਾਂਗਰਸ ਪਾਰਟੀ ਦੇ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਵੱਲੋਂ ਅੱਜ ਐਸਡੀਐਮ ਕਮ ਰਿਟਰਨਿੰਗ ਅਫਸਰ ਮੈਡਮ ਸਵਾਤੀ ਟਿਵਾਣਾ ਕੋਲ ਨਾਮਜ਼ਦਗੀ ਕਾਗਜ਼ ਭਰੇ ਗਏ। ਇਸ ਦੌਰਾਨ ਕਵਰਿੰਗ ਉਮੀਦਵਾਰ ਵਜੋਂ ਉਨ੍ਹਾਂ ਦੀ ਪਤਨੀ ਰੁਪਿੰਦਰ ਕੌਰ ਢਿੱਲੋਂ ਨੇ ਵੀ ਕਾਗਜ਼ ਦਾਖਲ ਕੀਤੇ। ਉਨ੍ਹਾਂ ਦੇ ਦੋਵੇਂ ਬੇਟੇ ਉਦੈਵੀਰ ਸਿੰਘ ਢਿਲੋਂ ਤੇ ਤਨਵੀਰ ਸਿੰਘ ਢਿੱਲੋਂ ਵੀ ਨਾਲ ਸਨ। ਨਾਮਜ਼ਦਗੀ ਕਾਗਜ਼ ਦਾਖਲ ਕਰਨ ਤੋਂ ਪਹਿਲਾਂ ਸ੍ਰੀ ਢਿੱਲੋਂ ਨੇ ਪਰਿਵਾਰ ਸਮੇਤ ਭਾਂਖਰਪੁਰ ਦੇ ਗੁਰਦੁਆਰਾ ਸ੍ਰੀ ਬਾਬੇ ਸਾਹਿਬ ਅਤੇ ਡੇਰਾਬੱਸੀ ਸਥਿਤ ਰਾਮ ਤਲਾਈ ਉਤੇ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ।
ਨਾਮਜ਼ਦਗੀ ਕਾਗਜ਼ ਭਰਨ ਉਪਰੰਤ ਆਪਣੇ ਕਾਂਗਰਸੀ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਢਿੱਲੋਂ ਨੇ ਅਕਾਲੀ ਦਲ ਸਮੇਤ ਹੋਰ ਸਿਆਸੀ ਵਿਰੋਧੀਆਂ ਨੂੰ ਖੂਬ ਸਿਆਸੀ ਰਗੜੇ ਲਾਏ। ਉਨ੍ਹਾਂ ਕਿਹਾ ਕਿ ਹਲਕੇ ਨੂੰ ਐਨ ਕੇ ਸ਼ਰਮਾ ਦੀ ਕੋਈ ਦੇਣ ਨਹੀਂ ਤੇ ਉਹ ਅਜੇ ਤੱਕ ਕੈਪਟਨ ਕੰਵਲਜੀਤ ਵੱਲੋਂ ਕੀਤੀ ਸਿਆਸੀ ਮਿਹਨਤ ਦਾ ਹੀ ਖਾ ਰਹੇ ਹਨ। ਉਨ੍ਹਾਂ ਕਿਹਾ ਕਿ ਐਨ ਕੇ ਸ਼ਰਮਾ ਪਿਛਲੇ 10 ਸਾਲਾ ਦੌਰਾਨ ਹਲਕੇ ਪ੍ਰਤੀ ਆਪਣਾ ਯੋਗਦਾਨ ਦੱਸਣ। ਇਸ ਮੌਕੇ ਅਕਾਲੀ ਦਲ ਤੋਂ ਦੋ ਵਾਰ ਕੌਂਸਲਰ ਰਹੇ ਸਾਬਕਾ ਕੌਂਸਲਰ ਗੁਰਮੁੱਖ ਸਿੰਘ ਕਾਂਗਰਸ ਵਿੱਚ ਸ਼ਾਮਲ ਹੋ ਗਏ। ਦੀਪਇੰਦਰ ਸਿੰਘ ਢਿੱਲੌਂ ਨੇ ਜ਼ੀਰਕਪੁਰ ਵਿਖੇ ਮੁੱਖ ਚੋਣ ਦਫਤਰ ਦੇ ਉਦਘਾਟਨ ਮੌਕੇ ਗੁਰਮੁੱਖ ਸਿੰਘ ਦਾ ਪਾਰਟੀ ਵਿਚ ਸੁਆਗਤ ਕਰਦਿਆਂ ਉਨ੍ਹਾਂ ਨੂੰ ਕਾਂਗਰਸ ਦਾ ਜ਼ਿਲ੍ਹਾ ਮੀਤ ਪ੍ਰਧਾਨ ਐਲਾਨ ਦਿੱਤਾ।
ਲਾਲੜੂ ਇਲਾਕੇ ’ਚ ਸ਼ੂਗਰ ਮਿੱਲ ਲਾਈ ਜਾਵੇਗੀ: ਐਨ.ਕੇ.ਸ਼ਰਮਾ
ਲਾਲੜੂ (ਸਰਬਜੀਤ ਸਿੰਘ ਭੱਟੀ): ਵਿਧਾਨ ਸਭਾ ਹਲਕਾ ਡੇਰਾਬਸੀ ਤੋਂ ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਐਨ.ਕੇ.ਸ਼ਰਮਾ ਨੇ ਲਾਲੜੂ ਵਿਖੇ ਇਕ ਭਰਵੀਂ ਚੋਣ ਮੀਟਿੰਗ ਨੁੂੰ ਸੰਬੋਧਨ ਕਰਦੇ ਹੋਏ ਐਲਾਨ ਕੀਤਾ ਕਿ ਅਕਾਲੀ-ਬਸਪਾ ਸਰਕਾਰ ਬਣਨ ’ਤੇ ਲਾਲੜੂ ਇਲਾਕੇ ਵਿੱਚ ਸ਼ੁੂਗਰ ਮਿੱਲ ਲਾਈ ਜਾਵੇਗੀ, ਜਿਸ ਨਾਲ ਜਿਥੇ ਕਿਸਾਨਾਂ ਦੀ ਆਰਥਿਕਤਾ ਮਜ਼ਬੂਤ ਹੋਵੇਗੀ, ਉਸ ਦੇ ਨਾਲ ਹੀ ਇਲਾਕੇ ਦੇ ਹਜ਼ਾਰਾਂ ਨੌਜਵਾਨਾਂ ਨੁੂੰ ਰੁਜ਼ਗਾਰ ਮਿਲੇਗਾ। ਸ੍ਰੀ ਸ਼ਰਮਾ ਦਾ ਲਾਲੜੂ ਪਿੰਡ ਵਿੱਚ ਪੁੱਜਣ ਤੇ ਪਿੰਡ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਮਨਜੀਤ ਸਿੰਘ ਮਲਕਪੁਰ, ਬੁੱਲੂ ਸਿੰਘ ਰਾਣਾ, ਸਿਵਦੇਵ ਕੁਰਲੀ, ਕੁਲਦੀਪ ਸ਼ਰਮਾ, ਪਵਨ ਕੁਮਾਰ ਕੌਂਸਲਰ, ਐਡਵੋਕੇਟ ਮਨਪ੍ਰੀਤ ਸਿੰਘ ਭੱਟੀ ਆਦਿ ਮੌਜੂਦ ਸਨ।