ਪੀ.ਪੀ. ਵਰਮਾ
ਪੰਚਕੂਲਾ, 16 ਜੁਲਾਈ
ਇੱਥੋਂ ਨੇੜਲੇ ਪਹਾੜੀ ਇਲਾਕੇ ਵਿੱਚ ਢਿੱਗਾਂ ਡਿੱਗਣ ਕਾਰਨ ਨੁਕਸਾਨੇ ਗਏ ਮਕਾਨਾਂ ਦੀ ਸਾਰ ਲੈਣ ਲਈ ਅਜੇ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਬਹੁੜਿਆ ਹੈ। ਪੀੜਤਾਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਦਾ ਕੰਮ ਸਿਰਫ਼ ਮੰਗ ਪੱਤਰ ਲੈਣਾ ਅਤੇ ਭਰੋਸਾ ਦੇਣਾ ਹੀ ਰਹਿ ਗਿਆ ਹੈ। ਜਾਣਕਾਰੀ ਅਨੁਸਾਰ ਰਾਮਪੁਰ ਸਿਊੜੀ ਅਤੇ ਪਿੰਜੌਰ ਕਾਲਕਾ ਬਾਈਪਾਸ ’ਤੇ ਪਹਾੜਾਂ ਤੋਂ ਢਿੱਗਾਂ ਡਿੱਗਣ ਕਾਰਨ 180 ਮਕਾਨਾਂ ਨੂੰ ਖ਼ਤਰਾ ਬਣਿਆ ਹੈ। ਇਸੇ ਤਰ੍ਹਾਂ ਰਾਮਪੁਰ ਸਿਊੜੀ ਦੇ 80 ਤੋਂ ਵੱਧ ਮਕਾਨ ਪਾਣੀ ਦੀ ਭੇਟ ਚੜ੍ਹ ਗਏ ਹਨ, ਜਦਕਿ ਪਿੰਜੌਰ ਬਾਈਪਾਸ ’ਤੇ ਪਹਾੜ ਖਿਸਕਣ ਕਾਰਨ ਉਸ ’ਤੇ ਬਣੇ 150 ਤੋਂ ਵੱਧ ਮਕਾਨਾਂ ਵਿੱਚ ਤਰੇੜਾਂ ਆ ਗਈਆਂ ਹਨ। ਪ੍ਰਸ਼ਾਸਨ ਨੇ ਹਾਲੇ ਤੱਕ ਪਹਾੜ ਦਾ ਖਿਸਕਾਅ ਰੋਕਣ ਲਈ ਨਾ ਤਾਂ ਪੱਥਰਾਂ ਅਤੇ ਜਾਲੀ ਦੇ ਡੰਗੇ ਲਗਾਏ ਹਨ ਅਤੇ ਨਾ ਹੀ ਰਾਮਪੁਰ ਸਿਊੜੀ ਤੋਂ ਕੋਈ ਸੁਰੱਖਿਅਤ ਦੀਵਾਰ ਬਣਾਈ ਹੈ। ਇਸੇ ਤਰ੍ਹਾਂ ਕਾਲਕਾ-ਪਿੰਜ਼ੋਰ-ਪੰਚਕੂਲਾ ਹਾਈਵੇਅ ’ਤੇ ਅਮਰਾਵਤੀ ਨੇੜੇ ਸੜਕ ਟੁੱਟਣ ਕਰਕੇ ਵੱਖ ਹੋਈ ਮੁੱਖ ਸੰਪਰਕ ਸੜਕ ਦੀ ਮੁਰੰਮਤ ਦਾ ਕੰਮ ਮੱਠੀ ਚਾਲ ਚੱਲ ਰਿਹਾ ਹੈ, ਜਿਸ ਕਾਰਨ ਇੱਥੇ ਘੰਟਿਆਂਬੱਧੀ ਟਰੈਫਿਕ ਜਾਮ ਰਹਿੰਦਾ ਹੈ। ਕਾਲਕਾ ਦੇ ਕਾਲੀਮਾਤਾ ਮੰਦਰ ਦੇ ਹਾਲ ਦਾ ਲੈਂਟਰ ਟੁੱਟ ਕੇ ਡਿੱਗਣਾ ਸ਼ੁਰੂ ਹੋ ਗਿਆ ਹੈ। ਪ੍ਰਸ਼ਾਸਨ ਅਤੇ ਮਾਤਾ ਮਨਸਾ ਦੇਵੀ ਪੂਜਾ ਸਥੱਲ ਬੋਰਡ ਇਸ ਮਾਮਲੇ ਬਾਰੇ ਚੁੱਪੀ ਵੱਟੀ ਬੈਠਾ ਹੈ। ਕਾਲਕਾ ਦਾ ਕਾਲੀ ਮਾਤਾ ਮੰਦਰ ਪੂਜਾ ਸਥੱਲ ਬੋਰਡ ਮਨਸਾ ਦੇਵੀ ਦੇ ਅਧੀਨ ਆਉਂਦਾ ਹੈ। ਚਹੁੰ ਪਾਸੀ ਹੜਾਂ ਦੀ ਮਾਰ ਤੋਂ ਬਚਣ ਲਈ ਲੋਕ ਮੰਦਰ ਦੇ ਇਸ ਹਾਲ ਵਿੱਚ ਬੈਠੇ ਹਨ, ਜਿੱਥੇ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ।