ਆਤਿਸ਼ ਗੁਪਤਾ
ਚੰਡੀਗੜ੍ਹ, 13 ਅਕਤੂਬਰ
ਚੰਡੀਗੜ੍ਹ ਨਗਰ ਨਿਗਮ ਦੇ 35 ਵਾਰਡਾਂ ਦੀਆਂ ਦਸੰਬਰ 2021 ’ਚ ਹੋਣ ਵਾਲੀਆਂ ਚੋਣਾਂ ਦੀਆਂ ਤਿਆਰੀਆਂ ਲਈ ਚੰਡੀਗੜ੍ਹ ਚੋਣ ਕਮਿਸ਼ਨ ਦੇ ਚੇਅਰਮੈਨ ਐੱਸਕੇ ਸ੍ਰੀਵਾਸਤਵ ਦੀ ਅਗਵਾਈ ਹੇਠ ਮੀਟਿੰਗ ਹੋਈ। ਇਸ ਮੌਕੇ ਕਰੋਨਾ ਨਿਯਮਾਂ ਦੀ ਪਾਲਣਾ ਕਰਦਿਆਂ ਚੋਣਾਂ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਿਉਤਬੰਦੀ ਕੀਤੀ ਗਈ। ਇਸ ਦੇ ਨਾਲ ਹੀ ਚੋਣਾਂ ਦੀ ਸਾਰੀ ਜਾਣਕਾਰੀ ਮੋਬਾਈਲ ਐਪ ਰਾਹੀਂ ਮੁਹੱਈਆ ਕਰਵਾਉਣ ’ਤੇ ਜ਼ੋਰ ਦਿੱਤਾ ਗਿਆ। ਚੋਣ ਕਮਿਸ਼ਨ ਦੇ ਸਕੱਤਰ ਨੇ ਦੱਸਿਆ ਕਿ ਚੰਡੀਗੜ੍ਹ ਨਗਰ ਨਿਗਮ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਸਮੇਂ ਸਿਰ ਚੋਣਾਂ ਕਰਵਾ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਨਿਗਮ ਚੋਣਾਂ ਲਈ ਨਵੰਬਰ ਮਹੀਨੇ ਦੇ ਅਖੀਰ ’ਚ ਨਾਮਜ਼ਦਗੀਆਂ ਦਾਖਲ ਕੀਤੀਆਂ ਜਾਣਗੀ। ਜਦਕਿ ਦਸੰਬਰ ਮਹੀਨੇ ’ਚ ਵੋਟਾਂ ਪੈਣਗੀਆਂ ਜਿਸ ਲਈ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਬਾਅਦ ਵੋਟਾਂ ਦੀ ਸਮਾਂ ਸਾਰਣੀ ਸਬੰਧੀ ਸਾਰੀ ਜਾਣਕਾਰੀ ਦਾ ਫ਼ੈਸਲਾ ਲਿਆ ਜਾਵੇਗਾ। ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਾਲ 35 ਵਾਰਡਾਂ ’ਚ ਚੋਣਾਂ ਹੋਣੀਆਂ ਹਨ ਜਿਨ੍ਹਾਂ ਨੂੂੰ ਪਾਰਦਰਸ਼ੀ ਅਤੇ ਨਿਰਪੱਖ ਕਰਵਾਉਣ ਲਈ 9 ਆਰਓ ਅਤੇ 18 ਏਆਰਓ ਤਾਇਨਾਤ ਕੀਤੇ ਗਏ ਹਨ। ਜਦਕਿ 2 ਆਰਓ ਅਤੇ 4 ਏਆਰਓ ਨੂੰ ਰਿਜ਼ਰਵ ਰੱਖਿਆ ਗਿਆ। ਇਸ ਤੋਂ ਇਲਾਵਾ ਚੋਣਾਂ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਕਰਵਾਇਆ ਜਾਵੇਗਾ। ਦੱਸਣਯੋਗ ਹੈ ਕਿ ਚੰਡੀਗੜ੍ਹ ਦੇ 13 ਪਿੰਡਾਂ ਦੇ ਨਿਗਮ ਅਧੀਨ ਆਉਣ ਤੋਂ ਬਾਅਦ ਵਾਰਡਾਂ ਦੀ ਗਿਣਤੀ ਵਧਾ ਕੇ 35 ਕਰ ਦਿੱਤੀ ਗਈ ਹੈ। ਪਿਛਲੀਆਂ ਚੋਣਾਂ ਦੌਰਾਨ 26 ਵਾਰਡਾਂ ਦੀ ਵੋਟਿੰਗ 445 ਪੋਲਿੰਗ ਸਟੇਸ਼ਨਾਂ ’ਤੇ ਕਰਵਾਈ ਗਈ ਸੀ। ਹੁਣ 35 ਵਾਰਡਾਂ ਵਿੱਚ ਪੋਲਿੰਗ ਸਟੇਸ਼ਨਾਂ ਦੀ ਗਿਣਤੀ ਵਧਾ ਕੇ 700 ਕਰ ਦਿੱਤੀ ਗਈ ਹੈ।