ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 18 ਅਕਤੂਬਰ
ਨਗਰ ਨਿਗਮ ਚੰਡੀਗੜ੍ਹ ਨੇ ਦੀਵਾਲੀ ਦੇ ਮੱਦੇਨਜ਼ਰ ਆਰਜ਼ੀ ਸਟਾਲਾਂ ਲਈ ਆਨਲਾਈਨ ਬੁਕਿੰਗ ਦੋ ਦਿਨਾਂ ਲਈ ਹੋਰ ਅੱਗੇ ਵਧਾ ਦਿੱਤੀ ਹੈ, ਹੁਣ ਸਟਾਲਾਂ ਦੀ ਬੁਕਿੰਗ 20 ਅਕਤੂਬਰ ਤੱਕ ਕਰਵਾਈ ਜਾ ਸਕਦੀ ਹੈ। ਨਿਗਮ ਅਨੁਸਾਰ ਹੁਣ ਉਹ ਵਪਾਰੀ ਜਾਂ ਦੁਕਾਨਦਾਰ ਦੀਵਾਲੀ ਮੌਕੇ ਆਰਜ਼ੀ ਸਟਾਲ ਲਗਾਉਣ ਲਈ 20 ਅਕਤੂਬਰ ਤੱਕ ਨਿਗਮ ਦੀ ਸਾਈਟ ’ਤੇ ਆਨਲਾਈਨ ਅਪਲਾਈ ਕਰ ਸਕਦੇ ਹਨ ਜੋ 17 ਅਕਤੂਬਰ ਤੱਕ ਇਸ ਸਹੂਲਤ ਦਾ ਲਾਭ ਨਹੀਂ ਲੈ ਸਕੇ।
ਸ਼ਹਿਰ ਦੀ ਮੇਅਰ ਸਰਬਜੀਤ ਕੌਰ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਇਹ ਫੈਸਲਾ ਵਪਾਰੀਆਂ ਦੇ ਨੁਮਾਇੰਦਿਆਂ, ਚੰਡੀਗੜ੍ਹ ਵਪਾਰ ਮੰਡਲ ਅਤੇ ਵਪਾਰੀ ਐਸੋਸੀਏਸ਼ਨਾਂ, ਖਾਸ ਕਰਕੇ ਪਿੰਡਾਂ ਅਤੇ ਕਲੋਨੀਆਂ ਦੇ ਦੁਕਾਨਦਾਰਾਂ ਦੀਆਂ ਅਪੀਲਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਇਸ ਤੋਂ ਇਲਾਵਾ ਸੈਕਟਰ 17 ਦੇ ਦੁਕਾਨਦਾਰਾਂ ਲਈ ਵੀ ਇਹ ਸੁਵਿਧਾ 19 ਅਕਤੂਬਰ ਲਈ ਵਧਾ ਦਿੱਤੀ ਗਈ ਹੈ। ਨਿਗਮ ਤੋਂ ਮਨਜ਼ੂਰੀ ਲੈਣ ਵਾਲੇ 21 ਤੋਂ 23 ਅਕਤੂਬਰ ਤੱਕ ਸ਼ਹਿਰ ਵਿੱਚ ਮਿੱਥੀ ਗਈ ਥਾਂ ਅਨੁਸਾਰ ਬਾਜ਼ਾਰਾਂ ਵਿੱਚ ਆਰਜ਼ੀ ਸਟਾਲ ਲਗਾ ਸਕਣਗੇ। ਇਸ ਦੇ ਨਾਲ ਹੀ ਸੈਕਟਰ-17 ਨਿਊ ਪਲਾਜ਼ਾ ਵਿੱਚ ਵਪਾਰੀਆਂ ਦੀਆਂ ਦੁਕਾਨਾਂ ਦੇ ਬਾਹਰ ਸਟਾਲ ਵੀ ਲੱਗ ਸਕਣਗੇ। ਉਧਰ ਚੰਡੀਗੜ੍ਹ ਵਪਾਰ ਮੰਡਲ ਨੇ ਸ਼ਹਿਰ ਵਿੱਚ ਆਰਜ਼ੀ ਸਟਾਲਾਂ ਲਗਾਉਣ ਨੂੰ ਲੈ ਕੇ ਆਨਲਾਈਨ ਬੁਕਿੰਗ ਦੀ ਮਨਜ਼ੂਰੀ ਵਧਾਉਣ ਲਈ ਮੇਅਰ ਸਰਬਜੀਤ ਕੌਰ ਅਤੇ ਕਮਿਸ਼ਨਰ ਅਨੰਦਿਤਾ ਮਿੱਤਰਾ ਦਾ ਧੰਨਵਾਦ ਕੀਤਾ। ਚੰਡੀਗੜ੍ਹ ਵਪਾਰ ਮੰਡਲ ਦੇ ਪ੍ਰਧਾਨ ਚਰਨਜੀਵ ਸਿੰਘ ਦਾ ਕਹਿਣਾ ਹੈ ਕਿ ਕੁਝ ਵਪਾਰੀ ਤਕਨੀਕੀ ਕਾਰਨਾਂ ਕਰਕੇ ਆਨਲਾਈਨ ਪ੍ਰਵਾਨਗੀ ਨਹੀਂ ਲੈ ਸਕੇ। ਨਗਰ ਨਿਗਮ ਨੇ ਵਪਾਰੀਆਂ ਦੇ ਹਿੱਤ ਵਿੱਚ ਇਹ ਫੈਸਲਾ ਲਿਆ ਹੈ।