ਆਤਿਸ਼ ਗੁਪਤਾ
ਚੰਡੀਗੜ੍ਹ, 10 ਅਕਤੂਬਰ
ਸੁਖਨਾ ਵਾਈਲਡ ਲਾਈਫ ਸੈਂਕਚੁਰੀ ਦੀ ਬੁਕਿੰਗ ਲਈ ਹੁਣ ਜੰਗਲਾਤ ਵਿਭਾਗ ਦੇ ਗੇੜੇ ਨਹੀਂ ਮਾਰਨੇ ਪੈਣਗੇ। ਚੰਡੀਗੜ੍ਹ ਜੰਗਲਾਤ ਵਿਭਾਗ ਦੀ ਵੈੱਬਸਾਈਟ ਰਾਹੀਂ ਆਨਲਾਈਨ ਫੀਸ ਦਾ ਭੁਗਤਾਨ ਕਰ ਕੇ ਬੁਕਿੰਗ ਕਰਵਾਈ ਜਾ ਸਕਦੀ ਹੈ। ਯੂਟੀ ਪ੍ਰਸ਼ਾਸਨ ਨੇ ਸਿਟੀ ਬਿਊਟੀਫੁੱਲ ਵਿੱਚ ਈ-ਗਵਰਨੈਂਸ ਨੂੰ ਲਾਗੂ ਕਰਦਿਆਂ ਸੈਲਾਨੀਆਂ ਨੂੰ ਵੱਡੀ ਰਾਹਤ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜੰਗਲਾਤ ਵਿਭਾਗ ਨੇ ਸੁਖਨਾ ਵਾਈਲਡ ਲਾਈਫ ਸੈਂਕਚੁਰੀ ’ਚ ਦਾਖਲੇ ਲਈ 5 ਸਾਲ ਦੇ ਬੱਚਿਆ ਤੱਕ ਮੁਫ਼ਤ, 5 ਤੋਂ 12 ਸਾਲ ਦੇ ਬੱਚਿਆ ਲਈ 30 ਰੁਪਏ, 12 ਸਾਲ ਤੋਂ ਵੱਡਿਆ ਲਈ 50 ਰੁਪਏ ਅਤੇ ਵਿਦੇਸ਼ੀ ਸੈਲਾਨੀਆਂ ਲਈ 100 ਰੁਪਏ ਫੀਸ ਤੈਅ ਕੀਤੀ ਹੈ। ਇਸ ਤੋਂ ਇਲਾਵਾ ਸਕੂਲ ਦੇ ਅਧਿਆਪਕਾਂ ਨਾਲ ਸਿੱਖਿਆ ਟੂਰ ’ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਮੁਫ਼ਤ ਦਾਖਲਾ ਦਿੱਤਾ ਜਾਵੇਗਾ। ਜੰਗਲਾਤ ਵਿਭਾਗ ਨੇ ਸੁਖਨਾ ਵਾਈਲਡ ਲਾਈਫ ਸੈਂਕਚੁਰੀ ਦੇ ਬਾਹਰ ਵਾਹਨ ਖੜੇ ਕਰਨ ਲਈ ਪਾਰਕਿੰਗ ਫੀਸ ਵੀ ਤੈਅ ਕਰ ਦਿੱਤੀ ਹੈ। ਇਸ ਮੌਕੇ ਦੋਪਹੀਆ ਵਾਹਨ ਲਈ 20 ਰੁਪਏ, ਚਾਰ ਪਹੀਆ ਵਾਹਨ ਲਈ 50 ਰੁਪਏ ਅਤੇ ਬੱਸ ਲਈ 100 ਰੁਪਏ ਫੀਸ ਤੈਅ ਕੀਤੀ ਹੈ। ਚੰਡੀਗੜ੍ਹ ਜੰਗਲਾਤ ਵਿਭਾਗ ਨੇ ਮੌਸਮ ਵਿੱਚ ਤਬਦੀਲੀ ਨੂੰ ਵੇਖਦਿਆਂ ਬਰਡ ਪਾਰਕ ਦਾ ਸਮਾਂ ਬਦਲ ਦਿੱਤਾ ਹੈ। ਇਕ ਅਕਤੂਬਰ ਤੋਂ 30 ਨਵੰਬਰ ਤੱਕ ਬਰਡ ਪਾਰਟ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹੇਗਾ। 1 ਦਸੰਬਰ ਤੋਂ 28 ਫਰਵਰੀ ਤੱਕ ਸਵੇਰੇ 10 ਵਜੇ ਤੋਂ ਸ਼ਾਮ 4.30 ਵਜੇ ਤੱਕ ਬਰਡ ਪਾਰਕ ਖੁੱਲ੍ਹਾ ਰਹੇਗਾ ਜਦੋਂ ਕਿ ਇਕ ਮਾਰਚ ਤੋਂ 30 ਸਤੰਬਰ ਤੱਕ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਬਰਡ ਪਾਰਕ ਖੁੱਲ੍ਹਾ ਰਹੇਗਾ। ਇਸ ਤੋਂ ਇਲਾਵਾ ਹਰ ਸੋਮਵਾਰ ਅਤੇ ਮੰਗਲਵਾਰ ਨੂੰ ਬਰਡ ਬੰਦ ਰਹੇਗਾ।