ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 5 ਮਾਰਚ
ਐੱਨਆਰਆਈ ਵਿਅਕਤੀ ਦੀ ਵੱਡੀ ਭੈਣ ਮਧੂ ਰਾਣੀ ਨੇ ਅੱਜ ਪੱਤਰਕਾਰ ਸੰਮੇਲਨ ਦੌਰਾਨ ਆਪਣੀ ਐੱਨਆਰਆਈ ਭਰਜਾਈ ’ਤੇ ਪਰਿਵਾਰ ਨੂੰ ਤੰਗ-ਪ੍ਰੇਸ਼ਾਨ ਕਰਨ ਅਤੇ ਉਨ੍ਹਾਂ ਦੇ ਘਰ ਉੱਤੇ ਕਥਿਤ ਕਬਜ਼ਾ ਕਰਨ ਦਾ ਦੋਸ਼ ਲਾਇਆ ਹੈ। ਉਧਰ, ਮਧੂ ਰਾਣੀ ਦੀ ਭਰਜਾਈ ਪਵਿੱਤਰ ਜੀਤ ਕੌਰ ਉਰਫ਼ ਰਿੰਪੀ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਤੇ ਝੂਠ ਦਾ ਪੁਲੰਦਾ ਕਰਾਰ ਦਿੱਤਾ ਹੈ।
ਉਧਰ, ਵੀਡੀਓ ਕਾਲ ਰਾਹੀਂ ਪੱਤਰਕਾਰ ਸੰਮੇਲਨ ਦਾ ਹਿੱਸਾ ਬਣੇ ਐਨਆਰਆਈ ਮਹੇਸ਼ ਸ਼ਰਮਾ ਨੇ ਵੀ ਆਪਣੀ ਪਤਨੀ ਰਿੰਪੀ ’ਤੇ ਤੰਗ-ਪ੍ਰੇਸ਼ਾਨ ਕਰਨ ਅਤੇ ਉਸ ਦਾ ਸੈਕਟਰ-125 ਵਿਚਲਾ ਮਕਾਨ ਦੱਬਣ ਦਾ ਦੋਸ਼ ਲਾਇਆ। ਉਨ੍ਹਾਂ ਨੇ ਪੁਲੀਸ ਤੋਂ ਨਿਰਪੱਖ ਕਾਰਵਾਈ ਦੀ ਮੰਗ ਕਰਦਿਆਂ ਪੰਜਾਬ ਪੁਲੀਸ ਮੁਖੀ ਦਾ ਨਿੱਜੀ ਦਖ਼ਲ ਮੰਗਿਆ ਹੈ। ਮਧੂ ਰਾਣੀ ਨੇ ਦੱਸਿਆ ਕਿ ਉਸ ਦਾ ਭਰਾ ਦਿਲ ਦਾ ਮਰੀਜ਼ ਹੈ। ਜਿਸ ਨੇ ਪਤਨੀ ਤੋਂ ਤੰਗ ਆ ਕੇ 17 ਅਗਸਤ 2020 ਨੂੰ ਅਦਾਲਤ ਵਿੱਚ ਤਲਾਕ ਦਾ ਕੇਸ ਪਾਇਆ ਸੀ, ਪਰ ਕੇਸ ਪਾਉਣ ਤੋਂ ਬਾਅਦ ਰਿੰਪੀ ਨੇ ਆਪਣੇ ਪਰਿਵਾਰ ਨਾਲ ਮਿਲ ਕੇ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮਹੇਸ਼ ਨੇ ਖਰੜ ਵਿਚਲੀ ਕੋਠੀ ਦੀ ਪਾਵਰ ਆਫ਼ ਅਟਾਰਨੀ ਉਸਦੇ ਨਾਮ ਕੀਤੀ ਹੋਈ ਹੈ।
ਪਵਿੱਤਰਜੀਤ ਕੌਰ ਉਰਫ਼ ਰਿੰਪੀ ਨੇ ਕਿਹਾ ਕਿ ਖਰੜ ਵਾਲੀ ਕੋਠੀ ਉਸ ਦੇ ਪਤੀ ਦੀ ਹੈ, ਜਿਸ ’ਤੇ ਉਸ ਦਾ ਕਾਨੂੰਨੀ ਅਧਿਕਾਰ ਹੈ ਜਦੋਂਕਿ ਮਧੂ ਰਾਣੀ ਉੱਥੇ ਜ਼ਬਰਦਸਤੀ ਰਹਿ ਰਹੀ ਹੈ। ਉਸ ਨੇ ਆਪਣੀ ਨਣਦ ਮਧੂ ਰਾਣੀ ’ਤੇ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਮਧੂ ਨੇ ਉਸ ਦੀ ਮਾਂ ਅਤੇ ਭਰਾ ਨਾਲ ਕੁੱਟਮਾਰ ਕੀਤੀ ਗਈ ਅਤੇ ਹੁਣ ਉਹ ਮੀਡੀਆ ਦਾ ਸਹਾਰਾ ਲੈ ਕੇ ਪੁਲੀਸ ’ਤੇ ਦਬਾਅ ਬਣਾ ਕੇ ਕੇਸ ਨੂੰ ਪ੍ਰਭਾਵਿਤ ਕਰਨਾ ਚਾਹੁੰਦੀ ਹੈ।