ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 7 ਅਕਤੂਬਰ
ਕੇਂਦਰੀ ਮੰਤਰਾਲੇ ਵੱਲੋਂ ਦੇਸ਼ ਭਰ ਦੇ ਸਕੂਲਾਂ ਦੇ ਵਿਦਿਆਰਥੀਆਂ ਦਾ ਬੌਧਿਕ ਪੱਧਰ ਜਾਣਨ ਲਈ ਨੈਸ਼ਨਲ ਅਚੀਵਮੈਂਟ ਸਰਵੇਖਣ (ਐੱਨਐੱਸਏ) ਪ੍ਰੀਖਿਆ 12 ਨਵੰਬਰ ਨੂੰ ਕਰਵਾਈ ਜਾ ਰਹੀ ਹੈ ਜਿਸ ਦੀਆਂ ਤਿਆਰੀਆਂ ਸਟੇਟ ਕਾਊਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐੱਸਸੀਈਆਰਟੀ) ਵੱਲੋਂ ਕਰਵਾਈਆਂ ਜਾ ਰਹੀਆਂ ਹਨ ਪਰ ਇਸ ਪ੍ਰੀਖਿਆ ਦੌਰਾਨ ਹੀ ਯੂਟੀ ਦੇ ਸਿੱਖਿਆ ਵਿਭਾਗ ਨੇ ਮਿੱਡ ਟਰਮ ਪ੍ਰੀਖਿਆਵਾਂ ਐਲਾਨ ਦਿੱਤੀਆਂ ਹਨ ਜਿਸ ਕਾਰਨ ਐੱਸਸੀਈਆਰਟੀ ਅਧਿਕਾਰੀਆਂ ਨੇ ਰੋਸ ਜਤਾਇਆ ਹੈ। ਇਹ ਵੀ ਪਤਾ ਲੱਗਾ ਹੈ ਕਿ ਐੱਨਐੱਸਏ ਪ੍ਰੀਖਿਆ ਸਬੰਧੀ ਮੀਟਿੰਗ ਵਿੱਚ ਦੋਵਾਂ ਵਿਭਾਗਾਂ ਦੇ ਅਧਿਕਾਰੀਆਂ ਵਿੱਚ ਤਲਖੀ ਵੀ ਹੋਈ ਪਰ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਮਾਮਲਾ ਸ਼ਾਂਤ ਕਰਵਾ ਦਿੱਤਾ ਹੈ। ਐੱਨਐੱਸਏ ਪ੍ਰੀਖਿਆ ਦੇ ਆਧਾਰ ’ਤੇ ਦੇਸ਼ ਭਰ ਦੇ ਸਕੂਲਾਂ ਦੀ ਰੈਂਕਿੰਗ ਕੀਤੀ ਜਾਵੇਗੀ। ਇਸ ਪ੍ਰੀਖਿਆ ਦੀ ਤਿਆਰੀ ਦੌਰਾਨ ਹੀ ਸਾਰੇ ਸਕੂਲਾਂ ਵਿੱਚ ਮਿਡ ਟਰਮ ਪ੍ਰੀਖਿਆਵਾਂ ਰੱਖ ਦਿੱਤੀਆਂ ਗਈਆਂ ਹਨ ਜਿਸ ਲਈ ਅਧਿਆਪਕਾਂ ਦੀ ਵੱਖਰੀ ਡਿਊਟੀ ਲਗਾ ਦਿੱਤੀ ਗਈ ਹੈ। ਇਕ ਹੋਰ ਅਧਿਆਪਕ ਨੇ ਦੱਸਿਆ ਕਿ ਐੱਨਐੱਸਏ ਪ੍ਰੀਖਿਆ ਨਾਲ ਸਬੰਧਤ ਅਧਿਕਾਰੀ ਨੇ ਮਿਡ ਟਰਮ ਪ੍ਰੀਖਿਆਵਾਂ ਕੁਝ ਸਮੇਂ ਬਾਅਦ ਕਰਵਾਉਣ ਦਾ ਸੁਝਾਅ ਦਿੱਤਾ ਸੀ ਤੇ ਉਨ੍ਹਾਂ ਮਿਡ ਟਰਮ ਪ੍ਰੀਖਿਆਵਾਂ ’ਤੇ ਇਤਰਾਜ਼ ਜਤਾਇਆ ਸੀ। ਉਸ ਅਧਿਕਾਰੀ ਨੇ ਦੂਜੇ ਅਧਿਕਾਰੀ ਲਈ ਗਲਤ ਸ਼ਬਦਾਵਲੀ ਵਰਤੀ। ਐੱਸਸੀਈਆਰਟੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕੌਮੀ ਪੱਧਰ ਦੀ ਪ੍ਰੀਖਿਆ ਸਾਰੇ ਸੂਬਿਆਂ ਤੇ ਯੂਟੀਜ਼ ਲਈ ਵਕਾਰ ਦਾ ਸਵਾਲ ਬਣੀ ਹੋਈ ਹੈ ਪਰ ਇਸ ਪ੍ਰੀਖਿਆ ਨਾਲ ਸਬੰਧਤ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਮਿਡ ਟਰਮ ਪ੍ਰੀਖਿਆ ਕਾਰਨ ਹਟਾ ਦਿੱਤਾ ਗਿਆ ਹੈ।
ਪ੍ਰੀਖਿਆਵਾਂ ਦੀ ਤਿਆਰੀ ਲਈ ਵਾਧੂ ਸਮਾਂ ਲਗਾਉਣ ਦੇ ਨਿਰਦੇਸ਼
ਡਾਇਰੈਕਟਰ ਸਕੂਲ ਐਜੂਕੇਸ਼ਨ ਪਾਲਿਕਾ ਅਰੋੜਾ ਨੇ ਕਿਹਾ ਕਿ ਉਹ ਇਸ ਮਾਮਲੇ ਬਾਰੇ ਪਤਾ ਕਰ ਕੇ ਹੱਲ ਕਢਵਾਉਣਗੇ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਹਾਲੇ ਕਰੋਨਾ ਕਾਰਨ ਤੀਜੀ ਜਮਾਤ ਦੇ ਵਿਦਿਆਰਥੀ ਸਕੂਲ ਨਹੀਂ ਆ ਰਹੇ ਹਨ। ਪੰਜਵੀਂ ਜਮਾਤ ਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਐੱਨਐੱਸਏ ਪ੍ਰੀਖਿਆ ਦੀ ਤਿਆਰੀ ਲਈ ਵਾਧੂ ਸਮਾਂ ਲਗਾਉਣ ਤਾਂ ਕਿ ਨਤੀਜੇ ਚੰਗੇ ਆ ਸਕਣ। ਇਹ ਪ੍ਰੀਖਿਆ ਤੀਜੀ, ਪੰਜਵੀਂ, ਅੱਠਵੀਂ ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੀ ਕਰਵਾਈ ਜਾਵੇਗੀਂ।
ਕਾਲਜਾਂ ਨੂੰ ਖਾਲੀ ਸੀਟਾਂ ’ਤੇ ਦਾਖਲੇ ਕਰਨ ਦੀ ਪ੍ਰਵਾਨਗੀ
ਪੰਜਾਬ ਯੂਨੀਵਰਸਿਟੀ ਨੇ ਪੋਸਟ ਗਰੈਜੂਏਟ ਦੀਆਂ ਵਿਗਿਆਨ ਤੇ ਇੰਜਨੀਅਰਿੰਗ ਦੀਆਂ ਖਾਲੀ ਰਹਿੰਦੀਆਂ ਸੀਟਾਂ ’ਤੇ ਕਾਲਜਾਂ ਨੂੰ ਦਾਖਲੇ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਨਾਲ ਓਸੀਈਟੀ-ਸੀਈਟੀ ਪੀਜੀ ਦੀ ਦਾਖਲਾ ਪ੍ਰੀਖਿਆ ਦੇ ਆਧਾਰ ’ਤੇ ਦਾਖਲੇ ਨਾ ਮਿਲਣ ਤੋਂ ਿਨਰਾਸ਼ ਵਿਦਿਆਰਥੀਆਂ ਨੂੰ ਦਾਖਲਾ ਮਿਲੇਗਾ। ਇਨ੍ਹਾਂ ਹੁਕਮਾਂ ਤੋਂ ਬਾਅਦ ਐਮਐਸਸੀ ਕਮਿਸਟਰੀ, ਫਿਜ਼ਿਕਸ ਤੇ ਬਾਇਓਲੋਜੀ, ਐਮ ਕਾਮ (ਬੀਈ), ਐਮਕਾਮ (ਐਂਟਰਪਰਨਿਓਰਸ਼ਿਪ ਐਂਡ ਫੈਮਿਲੀ ਬਿਜ਼ਨਸ), ਐਮਈ ਤੇ ਐਮ ਟੈਕ ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰੂ ਰਾਹਤ ਮਿਲੇਗੀ। ਇਸ ਮਾਮਲੇ ਵਿਚ ਚੰਡੀਗੜ੍ਹ ਦੇ ਕਾਲਜਾਂ ਨੇ ਖਾਲੀ ਸੀਟਾਂ ’ਤੇ ਦਾਖਲੇ ਕਰਨ ਦੀ ਇਜਾਜ਼ਤ ਮੰਗੀ ਸੀ। ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਇਨ੍ਹਾਂ ਸੀਟਾਂ ’ਤੇ ਮੈਰਿਟ ਲਿਸਟ (ਵੇਟਿੰਗ) ਦੇ ਵਿਦਿਆਰਥੀਆਂ ਨੂੰ ਪਹਿਲ ਮਿਲੇਗੀ। ਇਸ ਤੋਂ ਬਾਅਦ ਖਾਲੀ ਸੀਟਾਂ ਰਹਿਣ ’ਤੇ ਹੀ ਨਵੇਂ ਵਿਦਿਆਰਥੀਆਂ ਨੂੰ ਦਾਖਲੇ ਦਿੱਤੇ ਜਾਣਗੇ।