ਪੱਤਰ ਪ੍ਰੇਰਕ
ਚੰਡੀਗੜ੍ਹ, 6 ਅਪਰੈਲ
ਵਿਦਿਆਰਥੀ ਜਥੇਬੰਦੀ ਐੱਨ.ਐਸ.ਯੂ.ਆਈ. ਵੱਲੋਂ ਅੱਜ ਪੰਜਾਬ ਯੂਨੀਵਰਸਿਟੀ ਵਿੱਚ ਵੱਖ-ਵੱਖ ਮੰਗਾਂ ਨੂੰ ਲੈ ਕੇ ਉਪ ਕੁਲਪਤੀ ਦਫ਼ਤਰ ਦੇ ਬਾਹਰ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ। ਭੁੱਖ ਹੜਤਾਲ ਦੇ ਅੱਜ ਪਹਿਲੇ ਦਿਨ ਜਥੇਬੰਦੀ ਦੇ ਜਨਰਲ ਸਕੱਤਰ ਸਰਵੋਤਮ ਰਾਣਾ ਭੁੱਖ ਹੜਤਾਲ ’ਤੇ ਬੈਠੇ।
ਇਸ ਦੌਰਾਨ ਵਿਦਿਆਰਥੀਆਂ ਨੇ ਕਰੋਨਾ ਮਹਾਮਾਰੀ ਦੀ ਓਟ ਹੇਠ ਵਿਦਿਆਰਥੀਆਂ ਲਈ ਯੂਨੀਵਰਸਿਟੀ ਕੈਂਪਸ ਨਾ ਖੋਲ੍ਹਣ, ਘਟੀਆ ਪ੍ਰਬੰਧਨ ਦੇ ਦੋਸ਼ ਲਗਾਉਂਦਿਆਂ ਯੂਨੀਵਰਸਿਟੀ ਵਿੱਚ ਫ਼ਰਜ਼ੀ ਗਤੀਵਿਧੀਆਂ ਖ਼ਿਲਾਫ਼ ਅਤੇ ਵਿਦਿਆਰਥੀਆਂ ਪ੍ਰਤੀ ਵਿਤਕਰਾ ਕਰਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਰਾਹੁਲ ਕੁਮਾਰ ਨੇ ਕਿਹਾ ਕਿ ਉਪ ਕੁਲਪਤੀ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੇ ਹਨ ਅਤੇ ਯੂਨੀਵਰਸਿਟੀ ਵਿੱਚ ਸਭ ਕੁਝ ਕੰਟਰੋਲ ਤੋਂ ਬਾਹਰ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਭੀੜ-ਭਾੜ ਵਾਲੀਆਂ ਸਾਰੀਆਂ ਥਾਵਾਂ ਖੁੱਲ੍ਹੀਆਂ ਹੋਈਆਂ ਹਨ ਪਰ ਖ਼ੁਦਮੁਖ਼ਤਿਆਰ ਅਦਾਰਾ ਪੰਜਾਬ ਯੂਨੀਵਰਸਿਟੀ ਵਿਦਿਆਰਥੀਆਂ ਲਈ ਖੋਲ੍ਹਿਆ ਨਹੀਂ ਜਾ ਰਿਹਾ ਹੈ। ਇਸ ਮੌਕੇ ਪ੍ਰਗਟ ਬਰਾੜ, ਅਤਿੰਦਰ ਰੋਬੀ, ਹਰੀ ਓਮ, ਗੁਰਪ੍ਰੀਤ ਸਿੰਘ, ਰਾਜਕਰਨ ਬੈਦਵਾਨ ਅਤੇ ਹਰਕੀਰਤ ਸਿੰਘ ਆਦਿ ਨੇ ਦੱਸਿਆ ਕਿ ਇਹ ਲੜੀਵਾਰ ਭੁੱਖ ਹੜਤਾਲ ਮੰਗਾਂ ਮੰਨਣ ਤੱਕ ਜਾਰੀ ਰਹੇਗੀ।