ਸਰਬਜੀਤ ਸਿੰਘ ਭੱਟੀ
ਲਾਲੜੂ, 22 ਅਪਰੈਲ
ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਣ ਮਗਰੋਂ ਇਲਾਕੇ ਦੇ ਸ਼ਹਿਰੀ ਅਤੇ ਪੇਂਡੂ ਖੇਤਰ ਵਿੱਚ ਸਰਕਾਰੀ ਕਾਮਨ ਲੈਂਡ ਨੂੰ ਪ੍ਰਾਈਵੇਟ ਵਿਅਕਤੀਆਂ ਵਲੋਂ ਵਰਤੇ ਜਾਣ ਦੇ ਅੰਕੜੇ ਇਕੱਠੇ ਕੀਤੇ ਜਾ ਰਹੇ ਹਨ। ਇਸ ਦੌਰਾਨ ਪਤਾ ਲੱਗਾ ਹੈ ਕਿ ਪਿੰਡ ਆਲਮਗੀਰ ਦੀ 16 ਏਕੜ ਸ਼ਾਮਲਾਤ ਜ਼ਮੀਨ ’ਤੇ ਕੁੱਝ ਵਿਅਕਤੀ ਕਥਿਤ ਮਿਲੀਭੁਗਤ ਨਾਲ ਪਿਛਲੇ 10 ਸਾਲ ਤੋਂ ਬਗੈਰ ਠੇਕੇ ਦੇ ਖੇਤੀਬਾੜੀ ਕਰਦੇ ਆ ਰਹੇ ਹਨ। ਇਸ ਜ਼ਮੀਨ ਦੀ ਨਿਸ਼ਾਨਦੇਹੀ ਹੋਣ ਤੋਂ ਪਹਿਲਾਂ ਹੀ ਕੁੱਝ ਅਣਪਛਾਤੇ ਵਿਅਕਤੀਆਂ ਨੇ ਰਾਤੋ-ਰਾਤ ਉਕਤ 16 ਏਕੜ ਰਕਬੇ ਵਿੱਚ ਕਣਕ ਦੀ ਫ਼ਸਲ ਵੱਢ ਲਈ। ਐੱਸਡੀਐੱਮ ਡੇਰਾਬਸੀ ਸਵਾਤੀ ਟਿਵਾਣਾ ਨੇ ਈਓ ਲਾਲੜੂ ਜਗਜੀਤ ਸਿੰਘ ਸਾਹੀ ਨੂੰ ਉਪਰੋਕਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।