ਪੱਤਰ ਪ੍ਰੇਰਕ
ਚੰਡੀਗੜ੍ਹ, 2 ਮਾਰਚ
ਪੰਜਾਬ ਯੂਨੀਵਰਸਿਟੀ ਵਿੱਚ ਪਿਛਲੇ ਲਗਭਗ 2 ਸਾਲ ਤੋਂ ਬੰਦ ਕਲਾਸਾਂ ਸ਼ੁਰੂ ਕਰਨ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਸ ਸਬੰਧੀ ਅਥਾਰਿਟੀ ਵੱਲੋਂ ਵੱਖ-ਵੱਖ ਕਲਾਸਾਂ ਤੇ ਕੋਰਸਾਂ ਲਈ ਸ਼ਡਿਊਲ ਜਾਰੀ ਕੀਤਾ ਗਿਆ ਹੈ। ਸ਼ਡਿਊਲ ਮੁਤਾਬਕ ਪੰਜ ਸਾਲਾ ਅੰਡਰ ਗਰੈਜੂਏਟ (ਯੂ.ਜੀ.) ਕੋਰਸ ਦੇ ਚੌਥੇ ਸਾਲ, ਚਾਰ ਸਾਲਾ ਕੋਰਸ ਦੇ ਤੀਸਰੇ ਸਾਲ ਵਾਲੇ, ਤਿੰਨ ਸਾਲਾ ਕੋਰਸ ਦੇ ਦੂਸਰੇ ਸਾਲ ਅਤੇ ਦੋ ਸਾਲਾ ਕੋਰਸ ਵਾਲੇ ਪਹਿਲੇ ਸਾਲ ਦੇ ਵਿਦਿਆਰਥੀਆਂ ਦੀਆਂ ਫਿਜ਼ੀਕਲ ਕਲਾਸਾਂ 10 ਮਾਰਚ ਤੋਂ ਸ਼ੁਰੂ ਹੋਣਗੀਆਂ।
ਪੰਜ ਸਾਲਾ ਅੰਡਰ ਗਰੈਜੂਏਟ ਦੇ ਤੀਸਰੇ ਸਾਲ, ਚਾਰ ਸਾਲਾ ਕੋਰਸ ਦੇ ਦੂਜੇ ਸਾਲ, ਤਿੰਨ ਸਾਲਾ ਕੋਰਸ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਦੀਆਂ ਕਲਾਸਾਂ 17 ਮਾਰਚ ਤੋਂ ਚਾਲੂ ਹੋਣਗੀਆਂ। ਪੰਜ ਸਾਲਾ ਅੰਡਰ ਗਰੈਜੂਏਟ ਕੋਰਸ ਦੇ ਦੂਜੇ ਸਾਲ, ਚਾਰ ਸਾਲਾ ਕੋਰਸ ਦੇ ਪਹਿਲੇ ਸਾਲ ਵਾਲੇ ਵਿਦਿਆਰਥੀਆਂ ਦੀਆਂ ਕਲਾਸਾਂ 25 ਮਾਰਚ ਤੋਂ ਚਾਲੂ ਹੋਣਗੀਆਂ। ਪੰਜ ਸਾਲਾ ਅੰਡਰ-ਗਰੈਜੂਏਟ ਦੇ ਪਹਿਲੇ ਸਾਲ ਵਾਲੇ ਵਿਦਿਆਰਥੀਆਂ ਦੀਆਂ ਕਲਾਸਾਂ 31 ਮਾਰਚ ਤੋਂ ਸ਼ੁਰੂ ਹੋਣਗੀਆਂ। ਯੋਗ ਵਿਦਿਆਰਥੀਆਂ ਨੂੰ ਹੋਸਟਲ ਸੁਵਿਧਾ ਸਮੇਂ-ਸਮੇਂ ਉੱਤੇ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਸ਼ੇਅਰਿੰਗ ਆਧਾਰ ਉੱਤੇ ਮੁਹੱਈਆ ਕਰਵਾਈ ਜਾਵੇਗੀ। ਜੇਕਰ ਕਿਸੇ ਵੀ ਸਮੇਂ ਕੋਵਿਡ-19 ਮੁੜ ਫੈਲਦਾ ਹੈ ਤਾਂ ਵਿਦਿਆਰਥੀਆਂ ਨੂੰ ਹੋਸਟਲ ਖਾਲੀ ਕਰਨੇ ਪੈਣਗੇ ਅਤੇ ਹਦਾਇਤਾਂ ਦੀ ਪਾਲਣਾ ਵੀ ਕਰਨੀ ਪਵੇਗੀ। ਵਿਦਿਆਰਥੀ ਨੂੰ ਵੈਕਸੀਨ ਦੀਆਂ ਦੋਵੇਂ ਡੋਜ਼ ਲੱਗ ਚੁੱਕੀਆਂ ਹੋਣੀਆਂ ਚਾਹੀਦੀਆਂ ਹਨ ਅਤੇ 72 ਘੰਟਿਆਂ ਦੇ ਅੰਦਰ ਕੋਵਿਡ-19 ਆਰ.ਟੀ.ਪੀ.ਸੀ.ਆਰ. ਟੈਸਟ ਦੀ ਨੈਗੇਟਿਵ ਰਿਪੋਰਟ ਦੇਣੀ ਹੋਵੇਗੀ। ਹੋਸਟਲਾਂ ਵਿੱਚ ਮਹਿਮਾਨ ਜਾਂ ਹੋਰ ਕਿਸੇ ਵੀ ਬਾਹਰੀ ਵਿਅਕਤੀ ਨੂੰ ਅਗਲੇ ਹੁਕਮਾਂ ਤੱਕ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ।
ਅਫ਼ਗਾਨ ਵਿਦਿਆਰਥੀਆਂ ਨੂੰ ਫਿਜ਼ੀਕਲ ਕਲਾਸਾਂ ਤੋਂ ਛੋਟ
ਅਥਾਰਿਟੀ ਨੇ ਉਨ੍ਹਾਂ ਅਫ਼ਗਾਨਿਸਤਾਨ ਵਾਲੇ ਵਿਦਿਆਰਥੀਆਂ ਨੂੰ ਫਿਜ਼ੀਕਲ ਕਲਾਸਾਂ ਤੋਂ ਛੂਟ ਦਿੱਤੀ ਹੈ ਜਿਹੜੇ ਕਿ ਇਨ੍ਹਾਂ ਕਲਾਸਾਂ ਵਿੱਚ ਸ਼ਾਮਲ ਹੋਣ ਤੋਂ ਅਸਮਰੱਥ ਹਨ। ਅਥਾਰਿਟੀ ਵੱਲੋਂ ਦੱਸਿਆ ਗਿਆ ਕਿ ਡੀਨ ਇੰਟਰਨੈਸ਼ਨਲ ਸਟੂਡੈਂਟਸ ਦਫ਼ਤਰਨੂੰ ਅਫ਼ਗਾਨਿਸਤਾਨ ਤੋਂ ਕੁਝ ਅਜਿਹੇ ਵਿਦਿਆਰਥੀਆਂ ਦੀਆਂ ਬੇਨਤੀਆਂ ਪ੍ਰਾਪਤ ਹੋ ਰਹੀਆਂ ਹਨ ਜੋ ਪੀ.ਯੂ. ਕੈਂਪਸ ਵਿੱਚ 4 ਮਾਰਚ, 2022 ਤੋਂ ਸੁਰੂ ਹੋਣ ਵਾਲੀਆਂ ਆਫ਼ਲਾਈਨ ਕਲਾਸਾਂ ਵਿੱਚ ਸ਼ਾਮਲ ਹੋਣ ਵਿੱਚ ਅਸਮਰੱਥ ਹਨ। ਵਿਦਿਆਰਥੀਆਂ ਨੇ ਵੀਜ਼ੇ ਲਈ ਅਪਲਾਈ ਕੀਤਾ ਹੈ ਪ੍ਰੰਤੂ ਵੀਜ਼ਾ ਹਾਲੇ ਪ੍ਰਕਿਰਿਆ ਅਧੀਨ ਹੈ ਅਤੇ ਇਸ ਲਈ ਉਹ ਆਪਣੇ ਅਕਾਦਮਿਕ ਨੁਕਸਾਨ ਬਾਰੇ ਚਿੰਤਤ ਹਨ। ਡੀਨ ਇੰਟਰਨੈਸ਼ਨਲ ਸਟੂਡੈਂਟਸ (ਡੀ.ਆਈ.ਐਸ.) ਨੇ ਸਾਰੇ ਵਿਭਾਗਾਂ ਨੂੰ ਬੇਨਤੀ ਕੀਤੀ ਹੈ ਕਿ ਜੋ ਵੀ ਸੰਭਵ ਹੋਵੇ ਇਨ੍ਹਾਂ ਵਿਦਿਆਰਥੀਆਂ ਨੂੰ ਲੂਪ ਵਿੱਚ ਰੱਖਣ ਤਾਂ ਜੋ ਕੋਈ ਵੀ ਅਕਾਦਮਿਕ ਨੁਕਸਾਨ ਨਾ ਹੋਵੇ।