ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 6 ਅਪਰੈਲ
ਯੂਟੀ ਦੇ ਸਰਕਾਰੀ ਸਕੂਲਾਂ ਵਿਚ 9ਵੀਂ ਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਆਫਲਾਈਨ ਪ੍ਰੀਖਿਆਵਾਂ ਹੋਣਗੀਆਂ। ਪ੍ਰਸ਼ਾਸਨ ਨੇ 22 ਮਾਰਚ ਤੋਂ ਸਕੂਲ ਬੰਦ ਕਰਨ ਦੇ ਨਿਰਦੇਸ਼ ਦਿੱਤੇ ਸਨ ਜਿਸ ਕਰ ਕੇ ਕਈ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਰਹਿ ਗਈਆਂ ਸਨ। ਹੁਣ ਇਹ ਪ੍ਰੀਖਿਆਵਾਂ 12 ਤੋਂ 23 ਅਪਰੈਲ ਦਰਮਿਆਨ ਕਰਵਾਈਆਂ ਜਾਣਗੀਆਂ।
ਸਿੱਖਿਆ ਸਕੱਤਰ ਸਰਪ੍ਰੀਤ ਸਿੰਘ ਗਿੱਲ ਨੇ ਅੱਜ ਚੰਡੀਗੜ੍ਹ ਦੇ ਸਕੂਲਾਂ ਤੇ ਕਾਲਜਾਂ ਦੀਆਂ ਰਹਿੰਦੀਆਂ ਪ੍ਰੀਖਿਆਵਾਂ ਤੇ ਪ੍ਰੈਕਟੀਕਲ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਹ ਵੀ ਦੱਸਣਾ ਬਣਦਾ ਹੈ ਕਿ 9ਵੀਂ ਜਮਾਤ ਦੀਆਂ ਤਿੰਨ ਤੇ 11ਵੀਂ ਜਮਾਤ ਦੀਆਂ 4 ਵਿਸ਼ਿਆਂ ਦੀਆਂ ਪ੍ਰੀਖਿਆਵਾਂ ਰਹਿੰਦੀਆਂ ਸਨ ਤੇ ਕਈ ਸਕੂਲਾਂ ਵਲੋਂ ਆਪਣੇ ਪੱਧਰ ’ਤੇ ਡੇਟਸ਼ੀਟ ਤਿਆਰ ਕੀਤੀ ਗਈ ਸੀ, ਉਨ੍ਹਾਂ ਕਿਹਾ ਕਿ ਸਕੂਲਾਂ ਦੇ ਉਕਤ ਜਮਾਤਾਂ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਦੀ ਗਿਣਤੀ ਵੱਧ ਵੀ ਸਕਦੀ ਹੈ। ਡਾਇਰੈਕਟਰ ਸਕੂਲ ਐਜੂਕੇਸ਼ਨ ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਇਸ ਸਬੰਧ ਵਿਚ ਸਕੂਲ ਮੁਖੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਉਹ ਹਰ ਹਾਲਤ ਵਿਚ 23 ਅਪਰੈਲ ਤੋਂ ਪਹਿਲਾਂ ਬਕਾਇਆ ਪ੍ਰੀਖਿਆਵਾਂ ਤੇ ਪ੍ਰੈਕਟੀਕਲ ਮੁਕੰਮਲ ਕਰਵਾ ਲੈਣ ਜੇ ਕਿਸੇ ਸਮੱਸਿਆ ਕਾਰਨ ਕੋਈ ਸਕੂਲ 23 ਅਪਰੈਲ ਤਕ ਪ੍ਰੀਖਿਆਵਾਂ ਨਹੀਂ ਕਰਵਾ ਸਕਦਾ ਤਾਂ ਉਸ ਨੂੰ 30 ਅਪਰੈਲ ਤਕ ਸਮਾਂ ਦਿੱਤਾ ਜਾਵੇਗਾ ਪਰ ਉਸ ਸਕੂਲ ਨੂੰ ਸਕੱਤਰੇਤ ਤੋਂ ਦੇਰ ਨਾਲ ਪ੍ਰੀਖਿਆਵਾਂ ਕਰਵਾਉਣ ਦੀ ਮਨਜ਼ੂਰੀ ਲੈਣੀ ਪਵੇਗੀ। ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਸਕੂਲ ਮੁਖੀਆਂ ਵਲੋਂ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਮੰਗੀ ਗਈ ਹੈ ਤੇ ਸਕੂਲ ਰਹਿੰਦੀਆਂ ਪ੍ਰੀਖਿਆਵਾਂ ਕਰਵਾਉਣ ਦੀ ਤਾਰੀਖ ਬਾਰੇ ਜਲਦੀ ਹੀ ਸੂਚਿਤ ਕਰਨਗੇ।
ਇਕ ਕਮਰੇ ਵਿਚ 15 ਵਿਦਿਆਰਥੀ ਹੀ ਦੇਣਗੇ ਪ੍ਰੀਖਿਆ
ਸਕੂਲ ਮੁਖੀਆਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਸਕੂਲ ਵਿਚ ਕਰੋਨਾ ਸਾਵਧਾਨੀਆਂ ਦਾ ਪਾਲਣ ਕਰਨਾ ਯਕੀਨੀ ਬਣਾਉਣਗੇ। ਪ੍ਰੀਖਿਆ ਦੌਰਾਨ ਕਿਸੇ ਵੀ ਕਮਰੇ ਵਿਚ 15 ਤੋਂ ਵੱਧ ਵਿਦਿਆਰਥੀ ਨਾ ਬਿਠਾਏ ਜਾਣ। ਜੇ ਕਿਸੇ ਸਕੂਲ ਵਿਚ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵੱਧ ਹੈ ਤਾਂ ਉਸ ਸਕੂਲ ਵਿਚ ਦੋ ਸ਼ਿਫਟਾਂ ’ਚ ਇਮਤਿਹਾਨ ਕਰਵਾਇਆ ਜਾਵੇ।