ਜਗਮੋਹਨ ਸਿੰਘ
ਘਨੌਲੀ, 27 ਅਕਤੂਬਰ
ਇੱਥੇ ਕੌਮੀ ਮਾਰਗ ’ਤੇ ਬਾਅਦ ਦੁਪਹਿਰ ਵਾਪਰੇ ਨੇੜੇ ਵਾਪਰੇ ਸੜਕ ਹਾਦਸੇ ਦੌਰਾਨ ਆਵਾਰਾ ਪਸ਼ੂ ਨੂੰ ਬਚਾਉਂਦੇ ਸਮੇਂ ਤੇਜ਼ ਰਫ਼ਤਾਰ ਕਾਰ ਸੜਕ ’ਤੇ ਡਿਵਾਈਡਰ ਨਾਲ ਟਕਰਾ ਗਈ। ਇਸ ਹਾਦਸੇ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਤੇ ਤਿੰਨ ਹੋਰ ਜ਼ਖ਼ਮੀ ਹੋ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੀ ਟੀਮ ਦੇ ਇੰਚਾਰਜ ਸੀਤਾ ਰਾਮ ਤੇ ਪੁਲੀਸ ਚੌਕੀ ਭਰਤਗੜ੍ਹ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਰਾਕੇਸ਼ ਕੁਮਾਰ ਆਪਣੀ ਪਤਨੀ ਸੁਨੀਤਾ ਤੇ ਹੋਰ ਰਿਸ਼ਤੇਦਾਰਾਂ ਰਾਧਾ ਦੇਵੀ, ਪਰੀਤੋ ਤੇ ਪੁਸ਼ਪਾ (60) ਸਣੇ ਅੰਬਾਲਾ ਤੋਂ ਸੁਜਾਨਪੁਰ ਜਾ ਰਿਹਾ ਸੀ। ਉਹ ਜਦੋਂ ਪਿੰਡ ਸਰਸਾ ਨੰਗਲ ਨੇੜੇ ਪੁੱਜੇ ਤਾਂ ਸੜਕ ’ਤੇ ਪਸ਼ੂ ਆ ਗਿਆ ਜਿਸ ਨੂੰ ਬਚਾਉਂਦਿਆਂ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਡਿਵਾਈਡਰ ’ਤੇ ਜਾ ਚੜ੍ਹੀ। ਇਸ ਹਾਦਸੇ ਕਾਰਨ ਸੁਨੀਤਾ, ਰਾਧਾ ਦੇਵੀ, ਪ੍ਰੀਤੋ ਤੇ ਪੁਸ਼ਪਾ ਦੇਵੀ ਜ਼ਖ਼ਮੀ ਹੋ ਗਈਆਂ। ਜ਼ਖ਼ਮੀਆਂ ਨੂੰ ਤੁਰੰਤ ਸੜਕ ਸੁਰੱਖਿਆ ਫੋਰਸ ਵੱਲੋਂ ਮੁੱਢਲਾ ਸਿਹਤ ਕੇਂਦਰ ਭਰਤਗੜ੍ਹ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਪੁਸ਼ਪਾ ਦੇਵੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਉਣ ਉਪਰੰਤ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।