ਆਤਿਸ਼ ਗੁਪਤਾ
ਚੰਡੀਗੜ੍ਹ, 10 ਸਤੰਬਰ
ਇੱਥੋਂ ਦੇ ਸੈਕਟਰ-27 ਡੀ ਵਿੱਚ ਰਹਿੰਦੀ ਮਿਸ ਇੰਡੀਆ ਅਰਥ ਅਤੇ ਫਿਲਮ ਅਦਾਕਾਰ ਅਲੰਕ੍ਰਿਤਾ ਸਹਾਏ ਨੂੰ ਚਾਕੂ ਦਿਖਾ ਕੇ 6 ਲੱਖ ਰੁਪਏ ਲੁੱਟਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਚੰਡੀਗੜ੍ਹ ਪੁਲੀਸ ਨੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ਤੋਂ 10 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ। ਜਦੋਂਕਿ ਹੋਰਨਾਂ ਤਿੰਨਾਂ ਦੀ ਸ਼ਨਾਖਤ ਕਰਨ ਉਪਰੰਤ ਭਾਲ ਕੀਤੀ ਜਾ ਰਹੀ ਹੈ। ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਪ੍ਰੇਮ ਵਾਸੀ ਸਾਹੀ ਮਾਜਰਾ ਮੁਹਾਲੀ ਵਜੋਂ ਹੋਈ ਹੈ। ਲੁੱਟ ਦੀ ਵਾਰਦਾਤ ’ਚ ਸ਼ਾਮਲ ਅਰਜੁਨ ਉਰਫ਼ ਨੇਪਾਲੀ, ਅਰਜੁਨ ਅਤੇ ਸੁਨੀਲ ਉਰਫ਼ ਬਿਹਾਰੀ ਵਜੋਂ ਹੋਈ ਹੈ। ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਚੰਡੀਗੜ੍ਹ ਪੁਲੀਸ ਦੇ ਐੱਸਪੀ ਕੇਤਨ ਬਾਂਸਲ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਅਲੰਕ੍ਰਿਤਾ ਸਹਾਏ ਸੈਕਟਰ-27 ਡੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਸੀ। ਜਿਸ ਨੇ 30 ਅਗਸਤ 2021 ਨੂੰ ਮੁਹਾਲੀ ਫੇਸ-7 ਵਿੱਚੋਂ ਇਕ ਡਬਲ ਬੈੱਡ, ਟੇਬਲ ਮੰਗਵਾਇਆ ਸੀ। ਜਿਸ ਨੂੰ ਛੋਟੇ ਟੈਂਪੂ ਵਿੱਚ ਚਾਰ ਜਣੇ ਛੱਡਣ ਆਏ ਸਨ। ਉਸੇ ਦਿਨ ਤੋਂ ਇਨ੍ਹਾਂ ਨੌਜਵਾਨਾਂ ਨੇ ਅਲੰਕ੍ਰਿਤਾ ਸਹਾਏ ਦੇ ਘਰ ਵਿੱਚ ਰੇਕੀ ਕਰਨੀ ਸ਼ੁਰੂ ਕਰ ਦਿੱਤੀ ਸੀ। ਵਾਰਦਾਤ ਵਿੱਚ ਸ਼ਾਮਲ ਦੋਵੇਂ ਅਰਜੁਨ ਤੇ ਸੁਨੀਲ 7 ਸਤੰਬਰ ਨੂੰ ਦੁਪਹਿਰ ਸਮੇਂ ਜ਼ਬਰੀ ਘਰ ਵਿੱਚ ਦਾਖਲ ਹੋ ਗਏ। ਜਦੋਂਕਿ ਪ੍ਰੇਮ ਸਿੰਘ ਹੇਠਾਂ ਟੈਂਪੂ ਵਿੱਚ ਬੈਠਾ ਰਿਹਾ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਸਹਾਏ ਨੂੰ ਚਾਕੂ ਦਿਖਾ ਕੇ ਘਰ ਵਿੱਚ ਪਏ 6 ਲੱਖ ਰੁਪਏ ਲੁੱਟ ਲਏ। ਇਸ ਦੇ ਨਾਲ ਹੀ ਉਸ ਦਾ ਏਟੀਐਮ ਲੈ ਕੇ ਸੈਕਟਰ-30 ਦੀ ਮਾਰਕੀਟ ਵਿੱਚੋਂ 40 ਹਜ਼ਾਰ ਰੁਪਏ ਕਢਵਾ ਕੇ ਫ਼ਰਾਰ ਹੋ ਗਏ।
ਇਸ ਘਟਨਾ ਤੋਂ ਬਾਅਦ ਥਾਣਾ ਸੈਕਟਰ-26 ਦੀ ਪੁਲੀਸ ਅਤੇ ਅਪਰੇਸ਼ਨ ਸੈੱਲ ਦੀ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਜਾਂਚ ਸ਼ੁਰੂ ਕੀਤੀ। ਜਿਨ੍ਹਾਂ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁੱਟੇਜ ਦੇ ਆਧਾਰ ’ਤੇ ਪਹਿਲਾਂ ਆਟੋ ਚਾਲਕ ਦੀ ਸ਼ਨਾਖਤ ਕੀਤੀ। ਜਿਸ ਤੋਂ ਬਾਅਦ ਹੋਰਨਾਂ ਤਿੰਨਾਂ ਮੁਲਜ਼ਮਾਂ ਦੀ ਸ਼ਨਾਖਤ ਕੀਤੀ ਗਈ। ਪੁਲੀਸ ਨੇ ਟੈਂਪੂ ਚਾਲਕ ਪ੍ਰੇਮ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂਕਿ ਹੋਰਨਾਂ ਦੀ ਭਾਲ ਜਾਰੀ ਹੈ। ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਵਿਅਕਤੀ ਅਕਸਰ ਵੱਡੇ ਘਰਾਂ ਵਿੱਚ ਫਰਨੀਚਰ ਸਪਲਾਈ ਕਰ ਜਾਂਦੇ ਹਨ। ਜਿੱਥੇ ਘਰ ਦੇ ਮਾਲਕ ਦੀਆਂ ਗੱਲਾਂ ਤੋਂ ਘਰ ਵਿੱਚ ਨਕਦੀ ਅਤੇ ਵਿੱਤੀ ਸਿਸਟਮ ਦੀ ਸੂਹ ਲੈਣ ਉਪਰੰਤ ਵਾਰਦਾਤ ਨੂੰ ਅੰਜਾਮ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਪਿਛਲੇ ਰਿਕਾਰਡ ਵੀ ਖੰਗਾਲੇ ਜਾ ਰਹੇ ਹਨ।
ਸੂਤਰਾਂ ਅਨੁਸਾਰ ਫ਼ਰਾਰ ਚੱਲ ਰਹੇ ਤਿੰਨਾਂ ਮੁਲਜ਼ਮਾਂ ਵਿੱਚੋਂ ਕਿਸੇ ਕੋਲ ਵੀ ਮੋਬਾਈਲ ਫੋਨ ਨਹੀਂ ਹੈ। ਉਨ੍ਹਾਂ ਨੂੰ ਸ਼ੱਕ ਸੀ ਕਿ ਟੈਂਪੂ ਚਾਲਕ ਦੀ ਸ਼ਨਾਖਤ ਤੋਂ ਬਾਅਦ ਉਨ੍ਹਾਂ ਨੂੰ ਕਾਬੂ ਕਰਨਾ ਆਸਾਨ ਹੋ ਜਾਵੇਗਾ। ਇਸ ਲਈ ਉਹ ਮੋਬਾਈਲ ਫੋਨ ਨਹੀਂ ਰੱਖ ਰਹੇ ਸਨ। ਪੁਲੀਸ ਵੱਖ-ਵੱਖ ਪਹਿਲੂਆਂ ਦੇ ਆਧਾਰ ’ਤੇ ਜਾਂਚ ਕਰ ਰਹੀ ਹੈ।
ਚਾਕੂ ਦਿਖਾ ਕੇ ਪਰਸ ਖੋਹਣ ਵਾਲੇ ਦੋ ਗ੍ਰਿਫ਼ਤਾਰ
ਚੰਡੀਗੜ੍ਹ ਪੁਲੀਸ ਨੇ ਚਾਕੂ ਦਿਖਾ ਕੇ ਪਰਸ ਖੋਹਣ ਵਾਲੇ ਪੁਰਨ ਸਿੰਘ ਵਾਸੀ ਮੁਹਾਲੀ ਅਤੇ ਸੋਨੂੰ ਵਾਸੀ ਪਲਸੋਰਾ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਥਾਣਾ ਸੈਕਟਰ-29 ਦੀ ਪੁਲੀਸ ਨੇ ਤਿਰਲੋਕ ਚੰਦ ਵਾਸੀ ਪਲਸੋਰਾ ਦੀ ਸ਼ਿਕਾਇਤ ’ਤੇ ਕੀਤੀ ਹੈ। ਜਿਸ ਦਾ ਕਹਿਣਾ ਸੀ ਕਿ ਉਹ ਪਲਸੋਰਾ ਵਿੱਚੋਂ ਗੁਜ਼ਰ ਰਿਹਾ ਸੀ ਤਾਂ ਦੋਵਾਂ ਮੁਲਜ਼ਮਾਂ ਨੇ ਉਸ ਨੂੰ ਚਾਕੂ ਦਿਖਾ ਕੇ ਪਰਸ ਅਤੇ ਹੋਰ ਜ਼ਰੂਰੀ ਦਸਤਾਵੇਜ਼ ਖੋਹ ਕੇ ਫ਼ਰਾਰ ਹੋ ਗਏ ਸਨ। ਪੁਲੀਸ ਨੇ ਉਕਤ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।