ਹਰਜੀਤ ਸਿੰਘ
ਡੇਰਾਬੱਸੀ, 7 ਦਸੰਬਰ
ਪ੍ਰਦੂਸ਼ਣ ਰੋਕੂ ਬੋਰਡ ਵਲੋਂ ਖੇਤਰ ਦੀ ਕੈਮੀਕਲ ਫੈਕਟਰੀਆਂ ਵਿੱਚੋਂ ਲਏ ਗਏ ਸੱਤ ਪਾਣੀ ਦੇ ਸੈਂਪਲਾਂ ਵਿਚੋਂ ਇਕ ਫੈਕਟਰੀ ਦਾ ਸੈਂਪਲ ਫੇਲ੍ਹ ਹੋ ਗਿਆ ਹੈ ਜਦਕਿ ਇਕ ਦੀ ਰਿਪੋਰਟ ਸ਼ੱਕੀ ਆਈ ਹੈ। ਸ਼ੱਕੀ ਰਿਪੋਰਟ ਦਾ ਸੈਂਪਲ ਮੁੜ ਲੈਬ ਵਿਚ ਜਾਂਚ ਲਈ ਭੇਜਿਆ ਗਿਆ ਹੈ। ਦੂਜੇ ਪਾਸੇ ਅੱਜ ਇਕ ਫੈਕਟਰੀ ਦੀ ਰਿਪੋਰਟ ਫੇਲ੍ਹ ਆਉਣ ਮਗਰੋਂ ਐੱਸਡੀਐੱਮ ਡੇਰਾਬੱਸੀ ਕੁਲਦੀਪ ਬਾਵਾ, ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਲੈ ਕੇ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ ਨਾਲ ਮੁਲਾਕਾਤ ਕਰਦਿਆਂ ਭਰੋਸਾ ਦਿੱਤਾ ਕਿ ਪ੍ਰਦੂਸ਼ਣ ਫੈਲਾਉਣ ਵਾਲੀ ਸਨਅਤਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ। ਸ੍ਰੀ ਬਾਵਾ ਨੇ ਭਰੋਸਾ ਦਿੱਤਾ ਕਿ ਜਿਸ ਸਨਅਤ ਦਾ ਸੈਂਪਲ ਫੇਲ੍ਹ ਆਏ ਹਨ ਉਸ ਖ਼ਿਲਾਫ਼ ਕਾਰਵਾਈ ਲਈ ਪ੍ਰਦੂਸ਼ਣ ਰੋਕੂ ਬੋਰਡ ਦੇ ਚੇਅਰਮੈਨ ਨੂੰ ਕਾਰਵਾਈ ਕਰਨ ਲਈ ਲਿਖ ਦਿੱਤਾ ਹੈ। ਜ਼ਿਕਰਯੋਗ ਕਿ ਲੰਘੇ ਦਿਨੀਂ ਪਿੰਡ ਹੈਬਤਪੁਰ ਸਮੇਤ ਹੋਰਨਾਂ ਪਿੰਡ ਵਾਸੀਆਂ ਵੱਲੋਂ ਨੇੜਲੇ ਸਥਿਤ ਕੈਮੀਕਲ ਸਨਅਤਾਂ ਤੇ ਪ੍ਰਦੂਸ਼ਣ ਫੈਲਾਉਣ ਦਾ ਦੋਸ਼ ਲਾਉਂਦੇ ਹੋਏ ਸ਼ਿਕਾਇਤ ਦਿੱਤੀ ਸੀ।