ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 7 ਸਤੰਬਰ
ਸਿੱਖਿਆ ਵਿਭਾਗ ਪੰਜਾਬ ਵੱਲੋਂ ਤਿੰਨ ਸਾਲ ਬਾਅਦ ਹੋਣ ਵਾਲੇ ਨੈਸ਼ਨਲ ਅਚੀਵਮੈਂਟ ਸਰਵੇਖਣ ਵਿੱਚ ਆਪਣੀ 100 ਫੀਸਦੀ ਕਾਰਗੁਜ਼ਾਰੀ ਦਿਖਾਉਣ ਲਈ ਵਿੱਢੀ ਮੁਹਿੰਮ ਤਹਿਤ ਪੰਜਾਬ ਪ੍ਰਾਪਤੀ ਸਰਵੇਖਣ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਚਲਾਈ ਜਾ ਰਹੀ ਮੁਲਾਂਕਣ ਪ੍ਰਕਿਰਿਆ ਵਿੱਚ ਰਾਜ ਦੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਹਫ਼ਤਾਵਾਰੀ ਟੈਸਟਿੰਗ ਵਿੱਚ ਹੁਣ ਤੱਕ 1.50 ਕਰੋੜ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ਹੈ। ਕੋਵਿਡ-19 ਲਾਗ ਦੀ ਬਿਮਾਰੀ ਕਾਰਨ ਪੈਦਾ ਹੋਈ ਸਥਿਤੀ ਵਿੱਚ ਸਕੂਲੀ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਵਾਉਣ ਲਈ ਜਿੱਥੇ ਪੰਜਾਬ ਮੋਹਰੀ ਸੂਬਾ ਬਣ ਕੇ ਉੱਭਰਿਆ ਹੈ, ਉੱਥੇ ਪੰਜਾਬ ਪਹਿਲਾ ਪ੍ਰਦੇਸ਼ ਹੈ ਜੋ ਸਿੱਖਣ ਪਰਿਣਾਮਾਂ ਸਬੰਧੀ ਪ੍ਰਾਪਤੀ ਸਰਵੇਖਣ ਕਰਵਾਉਣ ਦੀ ਪ੍ਰਕਿਰਿਆ ਆਪਣੇ ਤੌਰ ’ਤੇ ਆਰੰਭ ਕਰ ਚੁੱਕਾ ਹੈ। ਸਿੱਖਣ ਪਰਿਣਾਮਾਂ ਸਬੰਧੀ ਪੰਜਾਬ ਪ੍ਰਾਪਤੀ ਸਰਵੇਖਣ 2020 ਦੀ ਦੁਹਰਾਈ ਕਰਵਾਉਣ ਲਈ ਪੰਜਾਬ ਦੇ ਪਹਿਲੀ ਤੋਂ ਬਾਰ੍ਹਵੀਂ ਤੱਕ ਦੀਆਂ ਜਮਾਤਾਂ ਦੇ ਲੱਖਾਂ ਵਿਦਿਆਰਥੀ, ਅਧਿਆਪਕਾਂ ਤੇ ਸਕੂਲ ਮੁਖੀਆਂ ਦੀ ਦੇਖ-ਰੇਖ ਹੇਠ ਰੁਚੀ ਦਿਖਾ ਰਹੇ ਹਨ। ਵਿਭਾਗ ਵੱਲੋਂ ਪ੍ਰਾਇਮਰੀ ਅਤੇ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਜਮਾਤਾਂ ਦੇ ਲੱਖਾਂ ਵਿਦਿਆਰਥੀਆਂ ਲਈ ਸਿੱਖਣ ਪਰਿਣਾਮਾਂ ਦੀ ਦੁਹਰਾਈ ਲਈ ਰੋਜ਼ਾਨਾ ਅਭਿਆਸ ਸਲਾਈਡਾਂ ਭੇਜੀਆਂ ਜਾ ਰਹੀਆਂ ਹਨ। ਸਮੁੱਚੇ ਰੂਪ ਵਿੱਚ ਸਕੂਲ ਸਿੱਖਿਆ ਵਿਭਾਗ ਵੱਲੋਂ ਲਏ ਗਏ ਇਸ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਆਨਲਾਈਨ ਸਿੱਖਣ ਪਰਿਣਾਮ ਦੁਹਰਾਈ ਟੈੱਸਟ ਵਿੱਚ ਕੁੱਲ 1 ਕਰੋੜ 50 ਲੱਖ 52 ਹਜ਼ਾਰ ਰਿਸਪਾਂਸ ਮਿਲੇ।