ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 22 ਫਰਵਰੀ
ਪੰਜਾਬ ਪੁਲੀਸ ਦੇ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਅਸਾਮ ’ਚੋਂ ਚਾਰ ਸਾਈਬਰ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਕੇ ਅੰਤਰਰਾਸ਼ਟਰੀ ਆਨਲਾਈਨ ਜੌਬ ਫਰਾਡ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਸ ਗਰੋਹ ਦੇ ਮੈਂਬਰ ‘ਟੈਲੀਗਰਾਮ’ ਮੋਬਾਈਲ ਐਪ ਦੇ ਗਰੁੱਪਾਂ ਦੀ ਵਰਤੋਂ ਕਰਕੇ ‘ਵਰਕ ਫਰਾਮ ਹੋਮ’ ਨੌਕਰੀਆਂ ਦੀ ਪੇਸ਼ਕਸ਼ ਕਰਕੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਂਦੇ ਸਨ।
ਮੁਲਜ਼ਮਾਂ ਦੀ ਪਛਾਣ ਜਹੀਰੁਲ ਇਸਲਾਮ, ਰਫੀਉਲ ਇਸਲਾਮ, ਮਹਿਬੂਬ ਆਲਮ ਅਤੇ ਅਜ਼ੀਜ਼ੁਰ ਰਹਿਮਾਨ ਵਜੋਂ ਹੋਈ ਹੈ। ਇਸ ਸਬੰਧੀ ਪਿਛਲੇ ਸਾਲ 13 ਅਕਤੂਬਰ ਨੂੰ ਮੁਹਾਲੀ ਸਥਿਤ ਸਟੇਟ ਸਾਈਬਰ ਕ੍ਰਾਈਮ ਥਾਣੇ ਵਿੱਚ ਇਕ ਕੇਸ ਦਰਜ ਕੀਤਾ ਗਿਆ ਸੀ। ਇਸ ਕੇਸ ਸਬੰਧੀ ਪੜਤਾਲ ਦੌਰਾਨ ਉਕਤ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗਰੋਹ ਦੇ ਮੈਂਬਰ ਭਰੋਸਾ ਹਾਸਲ ਕਰਨ ਲਈ ਪਹਿਲਾਂ ਪੀੜਤਾਂ ਨੂੰ ਛੋਟੇ-ਮੋਟੇ ਕੰਮ ਕਰਨ ਬਦਲੇ ਥੋੜ੍ਹੀ ਜਿਹੀ ਰਕਮ ਅਦਾ ਕਰਦੇ ਸਨ। ਬਾਅਦ ਵਿੱਚ ਪੀੜਤ ਨੂੰ ਵੱਡੀ ਰਕਮ ਵਾਪਸ ਕਰਨ ਦਾ ਲਾਲਚ ਦੇ ਕੇ ਵੱਖ-ਵੱਖ ਬਹਾਨਿਆਂ ਨਾਲ ਪੈਸੇ ਠੱਗਦੇ ਸਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲੀਸ ਨੇ ਪੂਰੇ ਦੇਸ਼ ਵਿੱਚ ਵੱਡੇ ਪੱਧਰ ’ਤੇ ਫੈਲੇ ਸਾਈਬਰ ਧੋਖਾਧੜੀ ਗੱਠਜੋੜ ਨੂੰ ਨੱਥ ਪਾਉਣ ਲਈ ਵੱਡੀ ਪੁਲਾਂਘ ਪੁੱਟੀ ਹੈ। ਮੁਲਜ਼ਮਾਂ ਕੋਲੋਂ ਦੋ ਸਵਾਈਪ ਮਸ਼ੀਨਾਂ, ਦੋ ਬਾਇਓਮੈਟ੍ਰਿਕ ਸਕੈਨਰ, ਇੱਕ ਆਈ ਸਕੈਨਰ, ਇੱਕ ਫਿੰਗਰ ਪ੍ਰਿੰਟ ਸਕੈਨਰ, 38 ਪੈਨ ਕਾਰਡ, 32 ਡੈਬਿਟ/ਕਰੈਡਿਟ ਕਾਰਡ, 16 ਸਿਮ ਕਾਰਡ, 10 ਵੋਟਰ ਕਾਰਡ, 9 ਆਧਾਰ ਕਾਰਡ, 10 ਬੈਂਕ ਖਾਤੇ ਦੀਆਂ ਪਾਸਬੁੱਕਾਂ, ਚੈੱਕਬੁੱਕਾਂ, ਪੰਜ ਸਰਕਾਰੀ ਰਸੀਦੀ ਟਿਕਟਾਂ, ਪੰਜ ਮੋਬਾਈਲ ਫ਼ੋਨ, ਇੱਕ ਲੈਪਟਾਪ, ਦੋ ਪੈਨ ਡਰਾਈਵਾਂ ਬਰਾਮਦ ਹੋਈਆਂ ਹਨ।
ਏਡੀਜੀਪੀ ਸਾਈਬਰ ਕ੍ਰਾਈਮ ਵੀ. ਨੀਰਜਾ ਨੇ ਦੱਸਿਆ ਕਿ 25 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਈ ਇੱਕ ਔਰਤ ਦੀ ਸ਼ਿਕਾਇਤ ਤੋਂ ਬਾਅਦ ਸਬ ਇੰਸਪੈਕਟਰ ਜੁਝਾਰ ਸਿੰਘ ਜੰਜੂਆ ਅਤੇ ਦਵਿੰਦਰ ਕਾਸ਼ਨੀ ਦੀ ਅਗਵਾਈ ਹੇਠ ਸਾਈਬਰ ਕ੍ਰਾਈਮ ਟੀਮ ਨੇ ਮੁੱਢਲੀ ਜਾਂਚ ਵਿੱਚ ਪਾਇਆ ਕਿ ਇਹ ਗਰੋਹ ਅਸਾਮ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਚਲਾਇਆ ਜਾ ਰਿਹਾ ਸੀ।