ਮੁਕੇਸ਼ ਕੁਮਾਰ
ਚੰਡੀਗੜ੍ਹ, 22 ਜੁਲਾਈ
ਇੱਕ ਛੋਟੀ ਜਿਹੀ ਲਾਪ੍ਰਵਾਹੀ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਇਥੇ ਮਲੋਆ ਦੀ ਮੁੜ ਵਸੇਬਾ ਕਲੋਨੀ ਵਿੱਚ ਪਾਰਕਾਂ ਨੇੜੇ ਬਣੇ ਜੰਕਸ਼ਨ ਬਾਕਸ ਉਥੇ ਰਹਿਣ ਵਾਲਿਆਂ ਦੀ ਜਾਨ ਲਈ ਖੌਅ ਬਣੇ ਹੋਏ ਹਨ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਕਈ ਥਾਂਵਾਂ ’ਤੇ ਬਿਜਲੀ ਦੀਆਂ ਖੁੱਲ੍ਹੀਆਂ ਤਾਰਾਂ ਨਾਲ ਕਿਸੇ ਸਮੇਂ ਵੀ ਕੋਈ ਹਾਦਸਾ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਥੇ ਕਈ ਬੇਜ਼ੁਬਾਨ ਜਾਨਵਰ ਬਿਜਲੀ ਦੀਆਂ ਖੁੱਲ੍ਹੀਆਂ ਤਾਰਾਂ ਦੇ ਕਰੰਟ ਦਾ ਸ਼ਿਕਾਰ ਹੋ ਚੁੱਕੇ ਹਨ। ਮਲੋਆ ਕਲੋਨੀ ਨਿਵਾਸੀ ਤੇ ਚੰਡੀਗੜ੍ਹ ਯੁਵਾ ਦਲ ਦੇ ਸਕੱਤਰ ਚੇਤਨ ਮਹਿਰਾ ਨੇ ਦੱਸਿਆ ਕਿ ਕਲੋਨੀ ਵਿੱਚ ਕਈ ਥਾਂਵਾਂ ’ਤੇ ਜੰਕਸ਼ਨ ਬਾਕਸ ਖੁੱਲ੍ਹੇ ਪਏ ਹਨ ਅਤੇ ਉਸ ਵਿੱਚ ਲੱਗੀਆਂ ਤਾਰਾਂ ਬਾਹਰ ਹੋਣ ਕਾਰਨ ਹਰ ਵੇਲੇ ਹਾਦਸੇ ਦਾ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਬਰਸਾਤ ਦੇ ਮੌਸਮ ਕਾਰਨ ਇਹ ਖਤਰਾ ਹੋਰ ਵੀ ਵੱਧ ਗਿਆ ਹੈ। ਉਨ੍ਹਾਂ ਦੱਸਿਆ ਕਿ ਇਥੇ ਚਾਰ ਮੰਜ਼ਿਲਾ ਮਕਾਨਾਂ ਦੇ ਨੇੜੇ ਖੁਲੀ ਥਾਂ ਵਿੱਚ ਲਗਾਏ ਗਏ ਜੰਕਸ਼ਨ ਬਾਕਸ ਖੁੱਲ੍ਹੇ ਪਏ ਹਨ ਅਤੇ ਉਨ੍ਹਾਂ ਵਿੱਚ ਲਗਾਈਆਂ ਤਾਰਾਂ ਨੰਗੀਆਂ ਹਨ ਜਿਸ ਵੱਲ ਕੋਈ ਵੀ ਅਧਿਕਾਰੀ ਅਤੇ ਕਰਮਚਾਰੀ ਦਾ ਅੱਜ ਤੱਕ ਧਿਆਨ ਨਹੀਂ ਗਿਆ। ਇਲਾਕਾ ਵਾਸੀਆਂ ਨੇ ਮੰਗ ਕੀਤੀ ਕਿ ਕਲੋਨੀ ਵਿੱਚ ਖੁੱਲ੍ਹੇ ਪਏ ਜੰਕਸ਼ਨ ਬਾਕਸਾਂ ਦੇ ਪੜਤਾਲ ਕਰਕੇ ਉਨ੍ਹਾਂ ਦੀ ਮੁਰੰਮਤ ਕੀਤੀ ਜਾਵੇ।