ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 29 ਦਸੰਬਰ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2022-23 ਲਈ ਪੰਜਾਬ ਓਪਨ ਸਕੂਲ ਦੀਆਂ ਦਸਵੀਂ ਅਤੇ ਸੀਨੀਅਰ ਸੈਕੰਡਰੀ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੇ ਦਾਖ਼ਲਿਆਂ ਲਈ ਸਰਕਾਰੀ, ਗੈਰ ਸਰਕਾਰੀ, ਮਾਨਤਾ ਪ੍ਰਾਪਤ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਐਫੀਲੀਏਟਿਡ ਸਕੂਲਾਂ ਤੋਂ ਨਵੀਂ ਐਕਰੀਡਿਟੇਸ਼ਨ ਦੇਣ/ਰੀਨਿਊ ਕਰਨ ਲਈ ਆਨਲਾਈਨ ਪ੍ਰਤੀ ਬੇਨਤੀਆਂ ਅਪਲਾਈ ਕਰਨ ਲਈ ਤਰੀਕਾਂ ਨਿਰਧਾਰਤ ਕੀਤੀਆਂ ਗਈਆਂ ਹਨ। ਸਿੱਖਿਆ ਬੋਰਡ ਵੱਲੋਂ ਜਾਰੀ ਕੀਤੀ ਜਾਣਕਾਰੀ ਅਨੁਸਾਰ ਗ਼ੈਰ ਸਰਕਾਰੀ, ਮਾਨਤਾ ਪ੍ਰਾਪਤ ਅਤੇ ਬੋਰਡ ਨਾਲ ਐਫੀਲੀਏਟਿਡ ਸਕੂਲਾਂ ਲਈ ਨਵੀਂ ਐਕਰੀਡਿਟੇਸ਼ਨ ਫੀਸ ਮੈਟ੍ਰਿਕ ਸ਼੍ਰੇਣੀ ਲਈ 3 ਹਜ਼ਾਰ ਰੁਪਏ ਅਤੇ ਸੀਨੀਅਰ ਸੈਕੰਡਰੀ ਸ਼੍ਰੇਣੀ ਲਈ 4 ਹਜ਼ਾਰ ਪ੍ਰਤੀ ਗਰੁੱਪ ਹੋਵੇਗੀ। ਐਡਰੀਡਿਟੇਸ਼ਨ ਰੀਨਿਊਅਲ ਫੀਸ ਮੈਟ੍ਰਿਕ ਅਤੇ ਸੀਨੀਅਰ ਸੈਕੰਡਰੀ ਸ਼੍ਰੇਣੀਆਂ ਲਈ 1500 ਰੁਪਏ ਪ੍ਰਤੀ ਗਰੁੱਪ ਹੋਵੇਗੀ। ਸਰਕਾਰੀ ਸੰਸਥਾਵਾਂ ਲਈ ਨਵੀਂ ਐਕਰੀਡਿਟੇਸ਼ਨ ਫੀਸ ਮੈਟ੍ਰਿਕ ਅਤੇ ਸੀਨੀਅਰ ਸੈਕੰਡਰੀ ਸ਼੍ਰੇਣੀਆਂ ਲਈ ਸਾਰੇ ਗਰੁੱਪਾਂ ਲਈ 1500 ਰੁਪਏ ਅਤੇ ਮੈਟ੍ਰਿਕ ਅਤੇ ਸੀਨੀਅਰ-ਸੈਕੰਡਰੀ ਸ਼੍ਰੇਣੀਆਂ ਲਈ ਐਕਰੀਡਿਟੇਸ਼ਨ ਰੀਨਿਊਅਲ ਫੀਸ 500 ਰੁਪਏ ਪ੍ਰਤੀ ਸ਼੍ਰੇਣੀ ਨਿਰਧਾਰਤ ਕੀਤੀ ਗਈ ਹੈ। ਬਿਨਾਂ ਕਿਸੇ ਲੇਟ ਫੀਸ ਤੋਂ 31 ਜਨਵਰੀ 2022 ਤੱਕ ਤੇ ਮਗਰੋਂ ਲੇਟ ਫੀਸ ਨਾਲ 20 ਅਪਰੈਲ ਤੱਕ ਫਾਰਮ ਭਰੇ ਜਾ ਸਕਦੇ ਹਨ। ਜੇ ਫਿਰ ਵੀ ਕੋਈ ਸੰਸਥਾ ਐਕਰੀਡਿਟੇਸ਼ਨ ਫੀਸ ਭਰਨ ਤੋਂ ਵਾਂਝੀ ਰਹਿ ਜਾਂਦੀ ਹੈ ਤਾਂ ਉਹ 6 ਮਈ ਤੱਕ 30 ਹਜ਼ਾਰ ਰੁਪਏ ਲੇਟ ਫੀਸ ਨਾਲ ਫਾਰਮ ਭਰ ਸਕੇਗੀ। ਜਦੋਂਕਿ ਸਿੱਖਿਆ ਬੋਰਡ ਦੇ ਆਦਰਸ਼ ਸਕੂਲਾਂ ਨੂੰ ਐਕਰੀਡਿਟੇਸ਼ਨ ਫੀਸ ਤੋਂ ਛੋਟ ਦਿੱਤੀ ਗਈ ਹੈ। ਐਕਰੀਡਿਟੇਸ਼ਨ ਲਈ ਫਾਰਮ ਸੰਸਥਾਵਾਂ ਦੀ ਲੌਗ ਇਨ ਆਈਡੀ ਅਤੇ ਓਪਨ ਸਕੂਲ ਪੋਰਟਲ ’ਤੇ ਉਪਲਬਧ ਹੈ।