ਕੁਲਦੀਪ ਸਿੰਘ
ਚੰਡੀਗੜ੍ਹ, 20 ਅਪਰੈਲ
ਯੂ.ਟੀ. ਪਾਵਰਮੈਨ ਯੂਨੀਅਨ ਦੇ ਸੱਦੇ ’ਤੇ ਅੱਜ ਬਿਜਲੀ ਕਾਮਿਆਂ ਵੱਲੋਂ ਕੰਮ ਦਾ ਮੁਕੰਮਲ ਬਾਈਕਾਟ ਕਰਕੇ ਹੜਤਾਲ ਕੀਤੀ ਅਤੇ ਪ੍ਰਸ਼ਾਸਨ ਖਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਵੀ ਕੀਤੀ। ਅੱਜ ਦੀ ਹੜਤਾਲ ਦੌਰਾਨ ਬਿਜਲੀ ਕਾਮਿਆਂ ਵੱਲੋਂ ਨਾ ਕੋਈ ਸ਼ਿਕਾਇਤ ਨੋਟ ਕੀਤੀ ਗਈ ਨਾ ਹੀ ਕਿਸੇ ਸ਼ਿਕਾਇਤ ਦਾ ਨਬਿੇੜਾ ਕੀਤਾ ਗਿਆ। ਬਿਜਲੀ ਕਰਮਚਾਰੀ ਸਵੇਰੇ 10 ਵਜੇ ਆਪੋ ਆਪਣੇ ਦਫ਼ਤਰਾਂ ਵਿੱਚ ਇਕੱਠੇ ਹੋਏ ਅਤੇ ਕਾਫ਼ਲਿਆਂ ਦੇ ਰੂਪ ਵਿੱਚ ਨਾਅਰੇ ਮਾਰਦੇ ਹੋਏ ਸੈਕਟਰ 17 ਸਥਿਤ ਡਵੀਜ਼ਨ ਨੰ. 1 ਦੇ ਦਫ਼ਤਰ ਸਾਹਮਣੇ ਕੀਤੀ ਗਈ ਰੋਸ ਰੈਲੀ ਵਿੱਚ ਸ਼ਾਮਿਲ ਹੋਏ।
ਯੂਨੀਅਨ ਅਤੇ ਫੈਡਰੇਸ਼ਨ ਦੇ ਜਨਰਲ ਸਕੱਤਰ ਗੋਪਾਲ ਦੱਤ ਜੋਸ਼ੀ ਨੇ ਕਿਹਾ ਕਿ ਚੰਡੀਗੜ੍ਹ ਬਿਜਲੀ ਵਿਭਾਗ ਗੁਆਂਢੀ ਸੂਬਿਆਂ ਨਾਲੋਂ ਸਸਤੀ ਅਤੇ ਨਿਰਵਿਘਨ ਬਿਜਲੀ ਚੰਡੀਗੜ੍ਹ ਵਾਸੀਆਂ ਨੂੰ ਦੇ ਰਿਹਾ ਹੈ। ਮੁਲਾਜ਼ਮਾਂ ਦੀ ਗਿਣਤੀ ਘੱਟ ਹੋਣ ਦੇ ਬਾਵਜੂਦ ਕਰੋੜਾਂ ਰੁਪਏ ਦੇ ਮੁਨਾਫ਼ੇ ਵਿੱਚ ਚੱਲ ਰਿਹਾ ਹੈ। ਇਸ ਦੇ ਬਾਵਜੂਦ ਸਰਕਾਰ ਨੇ ਇਸ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੀ ਜਿੱਦ ਫੜੀ ਹੋਈ ਹੈ।
ਇਸ ਮੌਕੇ ਫੈਡਰੇਸ਼ਨ ਦੇ ਪ੍ਰਧਾਨ ਰਘਵੀਰ ਚੰਦ, ਯੂ.ਟੀ. ਪਾਵਰਮੈਨ ਯੂਨੀਅਨ ਦੇ ਪ੍ਰਧਾਨ ਧਿਆਨ ਸਿੰਘ, ਫੈਡਰੇਸ਼ਨ ਆਫ਼ ਯੂ.ਟੀ. ਇੰਪਲਾਈਜ਼ ਦੇ ਉਪ ਪ੍ਰਧਾਨ ਰਜਿੰਦਰ ਕਟੋਚ, ਹਰਕੇਸ਼ ਚੰਦ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਮਨਮੋਹਣ ਸਿੰਘ ਆਦਿ ਨੇ ਕਿਹਾ ਕਿ ਉਹ ਚੰਡੀਗੜ੍ਹ ਦੇ ਵਸਨੀਕਾਂ ਦੀ ਇਸ ਵਿਰਾਸਤ ਨੂੰ ਕਿਸੇ ਵੀ ਕੀਮਤ ’ਤੇ ਨਿੱਜੀ ਕੰਪਨੀਆਂ ਦੇ ਹਵਾਲੇ ਨਹੀਂ ਹੋਣ ਦੇਣਗੇ। ਆਗੂਆਂ ਨੇ ਚੰਡੀਗੜ੍ਹ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਨਿੱਜੀਕਰਨ ਦੀ ਇਸ ਕਾਰਵਾਈ ਨੂੰ ਨਾ ਰੋਕਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਚੰਡੀਗੜ੍ਹ ਸ਼ਹਿਰ ਦੇ ਸਮੁੱਚੇ ਸ਼ਹਿਰ ਵਾਸੀ ਅਤੇ ਮੁਲਾਜ਼ਮ ਸਰਕਾਰ ਦੀ ਇਸ ਕਾਰਵਾਈ ਦੇ ਖਿਲਾਫ਼ ਸੜਕਾਂ ’ਤੇ ਆ ਜਾਣਗੇ ਅਤੇ ਇੱਕ ਸਾਂਝਾ ਸੰਘਰਸ਼ ਪ੍ਰਸ਼ਾਸਨ ਦੇ ਖਿਲਾਫ਼ ਵਿੱਢਣਗੇ।
ਯੂਨੀਅਨ ਦੇ ਪ੍ਰਧਾਨ ਧਿਆਨ ਸਿੰਘ ਨੇ ਪ੍ਰਸ਼ਾਸਨ ਨੂੰ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਬਿਜਲੀ ਕਾਮਿਆਂ ਦੀਆਂ ਜਾਇਜ਼ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਅਣਮਿਥੇ ਸਮੇਂ ਦੀ ਹੜਤਾਲ ਦਾ ਐਲਾਨ ਕੀਤਾ ਜਾਵੇਗਾ। ਯੂ.ਟੀ. ਪ੍ਰਸ਼ਾਸਨ ਨੇ ਹੜਤਾਲ ਕਰਨ ਵਾਲੇ ਕਰਮਚਾਰੀਆਂ ਉਤੇ ‘ਨੋ ਵਰਕ – ਨੋ ਪੇਅ’ ਦਾ ਸਿਧਾਂਤ ਲਾਗੂ ਕਰਨ ਦੇ ਹੁਕਮ ਵੀ ਜਾਰੀ ਕੀਤੇ ਹੋਏ ਹਨ।