ਹਰਜੀਤ ਸਿੰਘ
ਡੇਰਾਬੱਸੀ, 29 ਦਸੰਬਰ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਇਕ ਚੈਨਲ ਨੂੰ ਇੰਟਰਵਿਊ ਦੇਣ ਲਈ ਚੰਡੀਗੜ੍ਹ ਅੰਬਾਲਾ ਕੌਮੀ ਮਾਰਗ ’ਤੇ ਇੱਕ ਢਾਬੇ ’ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਵੱਲੋਂ ਲੰਘੇ ਦਿਨੀਂ ਗੁੱਗਾ ਜ਼ਾਹਰ ਪੀਰ ਖ਼ਿਲਾਫ਼ ਕੀਤੀ ਇਤਰਾਜ਼ਯੋਗ ਸ਼ਬਦਾਵਲੀ ਤੋਂ ਭੜਕੀਆਂ ਹਿੰਦੂ ਜਥੇਬੰਦੀਆਂ ਦੇ ਕਾਰਕੁਨਾਂ ਵੱਲੋਂ ਉਨ੍ਹਾਂ ਨੂੰ ਕਾਲੀ ਝੰਡੀਆਂ ਦਿਖਾਉਂਦੇ ਹੋਏ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਮਾਹੌਲ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਜ਼ਿਲ੍ਹਾ ਮੁਹਾਲੀ ਪੁਲੀਸ ਵੱਲੋਂ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਸੀ।
ਇਸ ਮੌਕੇ ਮੈਂਬਰ ਗੋਰਖ ਟਿਲਾ ਬਾਗੜ ਰਾਜਸਥਾਨ ਸੁਰੇਸ਼ ਸ਼ਾਰਦਾ, ਟੋਨੀ ਰਾਣਾ ਪ੍ਰਧਾਨ ਰਾਜਪੂਤ ਸਭਾ ਸਣੇ ਹੋਰਨਾਂ ਨੇ ਕਿਹਾ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਸ੍ਰੀ ਸਿੱਧੂ ਵੱਲੋਂ ਸੱਤਾ ਦੇ ਨਸ਼ੇ ਵਿੱਚ ਹਿੰਦੂਆਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ, ਸਗੋਂ ਇਸ ਤੋਂ ਪਹਿਲਾਂ ਵੀ ਉਨ੍ਹਾਂ ਵੱਲੋਂ ਕਈ ਵਾਰ ਹਿੰਦੂ ਦੇਵੀ ਦੇਵਤਾਵਾਂ ਖ਼ਿਲਾਫ਼ ਮਾੜੀ ਸ਼ਬਦਾਵਲੀ ਵਰਤੀ ਜਾ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਡੇਰਾਬੱਸੀ ਪੁਲੀਸ ਸਟੇਸ਼ਨ ਵਿੱਚ ਸ੍ਰੀ ਸਿੱਧੂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਹਿੰਦੂ ਜਥੇਬੰਦੀਆਂ ਦੇ ਕਾਰਕੁਨਾਂ ਨੇ ਸਿੱਧੂ ਦੇ ਕਾਫਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਮੁਲਾਜ਼ਮ ਜ਼ਿਆਦਾ ਹੋਣ ਕਾਰਨ ਉਹ ਨਾਕਾਮ ਰਹੇ ਅਤੇ ਪੁਲੀਸ ਨੇ ਉਨ੍ਹਾਂ ਦੇ ਕਾਫਲੇ ਨੂੰ ਲੰਘਾ ਦਿੱਤਾ। ਇਸ ਮਗਰੋਂ ਮੁਜ਼ਹਰਾਕਾਰੀਆਂ ਵੱਲੋਂ ਪੁਲੀਸ ਸਟੇਸ਼ਨ ਦੇ ਬਾਹਰ ਨਾਅਰੇਬਾਜ਼ੀ ਕੀਤੀ ਗਈ।
ਪੁਲੀਸ ਮੁਲਾਜ਼ਮਾਂ ਤੋਂ ਸਿੱਧੂ ਨੇ ਮੰਗੀ ਮੁਆਫ਼ੀ
ਡੇਰਾਬੱਸੀ: ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਿੱਧੂ ਨੇ ਲੰਘੇ ਦਿਨੀਂ ਪੁਲੀਸ ਖ਼ਿਲਾਫ਼ ਵਰਤੀ ਸ਼ਬਦਾਵਲੀ ਲਈ ਮੁਆਫ਼ੀ ਮੰਗੀ। ਇਸ ਦੌਰਾਨ ਉਨ੍ਹਾਂ ਕਾਂਗਰਸੀ ਆਗੂ ਫਤਿਹ ਸਿੰਘ ਬਾਜਵਾ ਅਤੇ ਬਲਵਿੰਦਰ ਸਿੰਘ ਲਾਡੀ ਦੇ ਭਾਜਪਾ ਵਿੱਚ ਸ਼ਾਮਲ ਹੋਣ ਬਾਰੇ ਕਿਹਾ ਕਿ ਟਿਕਟਾਂ ਨਾ ਮਿਲਣ ਕਾਰਨ ਦੋਵੇਂ ਆਗੂ ਭਾਜਪਾ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਸਰਵੇ ਦੇ ਆਧਾਰ ’ਤੇ ਟਿਕਟਾਂ ਵੰਡੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜੋ ਜਿੱਤੇਗਾ ਉਸ ਨੂੰ ਟਿਕਟ ਮਿਲੇਗੀ। ਭਾਜਪਾ ਵੱਲੋਂ ਕਾਂਗਰਸੀ ਆਗੂਆਂ ਨੂੰ ਸ਼ਾਮਲ ਕਰਨ ਬਾਰੇ ਉਨ੍ਹਾਂ ਨੇ ਕਿਹਾ ਕਿ ਭਾਜਪਾ ਦੇ ਆਪਣੇ ਪੱਲੇ ਕੁਝ ਨਹੀਂ ਹੈ ਜਿਸ ਕਾਰਨ ਉਹ ਦੂਜੀ ਪਾਰਟੀਆਂ ਦੇ ਆਗੂਆਂ ਨੂੰ ਨਾਲ ਲੈ ਰਹੀ ਹੈ। ਜਦਕਿ ਭਾਜਪਾ ਸਾਫ ਸੁਥਰੇ ਚਿਹਰੇ ਲਿਆਉਣ ਵਿੱਚ ਨਾਕਾਮ ਸਾਬਤ ਹੋ ਰਹੀ ਹੈ। ਉਨ੍ਹਾਂ ਨੇ ਆਪਣਾ ਪੰਜਾਬ ਮਾਡਲ ਵੀ ਲੋਕਾਂ ਸਾਹਮਣੇ ਪੇਸ਼ ਕੀਤਾ ਜਿਸ ਨਾਲ ਉਨ੍ਹਾਂ ਪੰਜਾਬ ਨੂੰ ਵਿੱਤੀ ਤੌਰ ’ਤੇ ਮੁੜ ਤੋਂ ਲੀਹ ’ਤੇ ਲਿਆਉਣ ਦਾ ਦਾਅਵਾ ਕੀਤਾ। ਇਸ ਮੌਕੇ ਅਮਿਤ ਬਾਵਾ, ਅੰਮ੍ਰਿਤਪਾਲ ਸਿੰਘ, ਜਸਪਾਲ ਸਿੰਘ, ਉਦੈਵੀਰ ਸਿੰਘ ਢਿੱਲੋਂ, ਰਣਜੀਤ ਸਿੰਘ ਰੈਡੀ, ਮੁਕੇਸ਼ ਰਾਣਾ ਹਾਜ਼ਰ ਸਨ।