ਮੁਕੇਸ਼ ਕੁਮਾਰ
ਚੰਡੀਗੜ੍ਹ, 23 ਦਸੰਬਰ
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਲੰਘੇ ਦਿਨ ਇੱਥੇ ਬਾਪੂ ਧਾਮ ਕਲੋਨੀ ਵਿੱਚ ਨਾਜਾਇਜ਼ ਉਸਾਰੀਆਂ ਨੂੰ ਹਟਾਉਣ ਲਈ ਕੀਤੀ ਗਈ ਕਾਰਵਾਈ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਹੈ। ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਨੇ ਕਿਹਾ ਕਿ ਬਾਪੂਧਾਮ ’ਚ ਸਥਿਤ ਮੰਦਰ ’ਤੇ ਪ੍ਰਸ਼ਾਸਨ ਅਤੇ ਨਗਰ ਨਿਗਮ ਵੱਲੋਂ ਨਾਜਾਇਜ਼ ਉਸਾਰੀਆਂ ਹਟਾਉਣ ਦੇ ਨਾਮ ’ਤੇ ਜੇਸੀਬੀ ਮਸ਼ੀਨ ਦੀ ਵਰਤੋਂ ਕੀਤੀ ਗਈ ਹੈ। ਸਥਾਨਕ ਲੋਕਾਂ ਦੇ ਰੋਕਣ ਦੇ ਬਾਵਜੂਦ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੰਦਰ ’ਤੇ ਜੇਸੀਬੀ ਮਸ਼ੀਨ ਦੀ ਵਰਤੋਂ ਕਰਕੇ ਮੰਦਰ ਨੂੰ ਨੁਕਸਾਨ ਪਹੁੰਚਾਇਆ। ਉਨ੍ਹਾਂ ਦੱਸਿਆ ਕਿ ਇੱਥੇ ਕੀਤੀ ਗਈ ਉਸਾਰੀ ਨੂੰ ਹਟਾਉਣ ਲਈ ਨਾ ਤਾਂ ਕਿਸੇ ਨੂੰ ਕੋਈ ਨੋਟਿਸ ਦਿੱਤਾ ਗਿਆ। ਦੂਬੇ ਨੇ ਕਿਹਾ ਕਿ ਨਗਰ ਨਿਗਮ ਅਤੇ ਪ੍ਰਸ਼ਾਸਨਿਕ ਅਧਿਕਾਰੀ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਲਈ ਜ਼ਿੰਮੇਵਾਰ ਹਨ।
ਮਹਿਲਾ ਕਾਂਗਰਸ ਨੇ ਨਗਰ ਨਿਗਮ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਬਾਪੂਧਾਮ ਵਿੱਚ ਢਾਹੇ ਗਏ ਮੰਦਿਰ ਨੂੰ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਪ੍ਰਸ਼ਾਸਨ ਵੱਲੋਂ ਜਲਦੀ ਤੋਂ ਜਲਦੀ ਦੁਬਾਰਾ ਬਣਾਇਆ ਜਾਵੇ ਅਤੇ ਮੰਦਰ ’ਤੇ ਪੀਲੇ ਪੰਜੇ ਦੀ ਵਰਤੋਂ ਕਰਨ ਵਾਲੇ ਅਧਿਕਾਰੀਆਂ ਨੂੰ ਜਨਤਕ ਮੁਆਫ਼ੀ ਮੰਗਣੀ ਚਾਹੀਦੀ ਹੈ। ਉਧਰ ਮੰਦਰ ਦੀ ਮੁਖੀ ਸੀਬੋ ਦੇਵੀ ਨੇ ਕਿਹਾ ਕਿ ਪ੍ਰਸ਼ਾਸਨ ਤੋਂ ਇੱਕੋ ਮੰਗ ਹੈ ਕਿ ਇਸ ਮੰਦਰ ਨੂੰ ਪ੍ਰਸ਼ਾਸਨ ਜਲਦੀ ਤੋਂ ਜਲਦੀ ਦੁਬਾਰਾ ਬਣਾਇਆ ਜਾਵੇ ਅਤੇ ਜੇਕਰ ਮੰਦਰ ਨੂੰ ਢਾਹੁਣਾ ਹੀ ਸੀ ਤਾਂ ਘੱਟੋ-ਘੱਟ ਪਹਿਲਾਂ ਨੋਟਿਸ ਦੇਣਾ ਚਾਹੀਦਾ ਸੀ ਤਾਂ ਜੋ ਉਹ ਇਸ ਮੰਦਰ ਨੂੰ ਬਚਾ ਸਕਦੇ।