ਸੰਜੀਵ ਤੇਜਪਾਲ
ਮੋਰਿੰਡਾ, 5 ਨਵੰਬਰ
ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਥੋਂ ਦੀ ਅਨਾਜ ਮੰਡੀ ਵਿੱਚ ਝੋਨੇ ਦੀ ਖ਼ਰੀਦ ਸਮੇਂ ਲਗਾਏ ਜਾਂਦੇ ਕੱਟ ਦਾ ਨੋਟਿਸ ਲੈਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇ 24 ਘੰਟਿਆਂ ਦੇ ਅੰਦਰ-ਅੰਦਰ ਆੜ੍ਹਤੀਆਂ ਵੱਲੋਂ ਕਿਸਾਨਾਂ ਦੇ ਕੱਟੇ ਗਏ ਝੋਨੇ ਦੇ ਪੈਸੇ ਵਾਪਸ ਕਰਵਾ ਕੇ ਸਬੰਧਤ ਆੜ੍ਹਤੀਆਂ ਵਿਰੁੱਧ ਕਾਰਵਾਈ ਨਾ ਕੀਤੀ ਗਈ ਤਾਂ ਮੋਰਚੇ ਵੱਲੋਂ ਸੰਘਰਸ਼ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਪਰਮਿੰਦਰ ਸਿੰਘ ਚਲਾਕੀ, ਜਥੇਦਾਰ ਰੇਸ਼ਮ ਸਿੰਘ ਬਡਾਲੀ, ਚਰਨ ਸਿੰਘ ਮੁੰਡੀਆਂ ਆਦਿ ਨੇ ਦੱਸਿਆ ਕਿ ਕਿਸਾਨਾਂ ਨਾਲ ਆੜ੍ਹਤੀਆਂ ਅਤੇ ਸ਼ੈੱਲਰ ਮਾਲਕਾਂ ਵੱਲੋਂ ਮਾਰਕੀਟ ਕਮੇਟੀ, ਖ਼ਰੀਦ ਏਜੰਸੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਕਾਰਨ ਕਿਸਾਨਾਂ ਤੋ ਝੋਨੇ ਦੀ ਖ਼ਰੀਦ ਸਮੇਂ 8 ਤੋਂ ਲੈ ਕੇ 10 ਕਿਲੋ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕੱਟ ਲਗਾ ਕੇ ਕਿਸਾਨਾਂ ਦੀ ਲੁੱਟ ਕੀਤੀ ਗਈ ਹੈ। ਮੋਰਚੇ ਦੇ ਆਗੂਆਂ ਵੱਲੋਂ ਪ੍ਰੈੱਸ ਕਾਨਫਰੰਸ ਦੌਰਾਨ ਆੜ੍ਹਤੀਆਂ ਤੋਂ ਕੱਟ ਲਗਾ ਚੁੱਕੇ ਅੱਧੀ ਦਰਜਨ ਤੋਂ ਵੱਧ ਕਿਸਾਨ ਵੀ ਪੇਸ਼ ਕੀਤੇ। ਪਿੰਡ ਕਲਾਰਾਂ ਵਾਸੀ ਹਰਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਮੋਰਿੰਡਾ ਦੇ ਆੜ੍ਹਤੀ ਕੋਲ 295 ਕੁਇੰਟਲ 12 ਕਿਲੋ 500 ਗ੍ਰਾਮ ਝੋਨਾ ਵੇਚਿਆ ਸੀ ਜਿਸ ਦੀ ਕੁੱਲ ਕੀਮਤ 6,84,690 ਬਣਦੀ ਹੈ ਪਰ ਆੜ੍ਹਤੀ ਵੱਲੋਂ ਉਸ ਦੇ ਖਾਤੇ ਵਿੱਚ 6,35,100 ਰੁਪਏ ਹੀ ਪਾਏ ਗਏ।