ਪੱਤਰ ਪ੍ਰੇਰਕ
ਚੰਡੀਗੜ੍ਹ, 1 ਦਸੰਬਰ
ਯੂਟੀ ਪ੍ਰਸ਼ਾਸਨ ਵੱਲੋਂ ਬੀਤੇ ਦਿਨੀਂ ਪਿੰਡ ਮਲੋਆ ਵਿੱਚ ਲੋਕਾਂ ਵੱਲੋਂ ਫਿਰਨੀ ਦੇ ਆਸ-ਪਾਸ ਆਪਣੀਆਂ ਜ਼ਰੂਰਤਾਂ ਮੁਤਾਬਕ ਕੀਤੀਆਂ ਉਸਾਰੀਆਂ ਨੂੰ ਤੋੜਨ ਲਈ ਭੇਜੀ ਗਈ ਟੀਮ ਨੂੰ ਲੋਕਾਂ ਵੱਲੋਂ ਜਿੱਥੇ ਬੇਰੰਗ ਮੋੜ ਦਿੱਤਾ ਗਿਆ, ਉੱਥੇ ਹੀ ਪਿੰਡ ਵਾਸੀਆਂ ਵੱਲੋਂ ਇਕਜੁੱਟਤਾ ਦਿਖਾਉਂਦੇ ਹੋਏ ਇਸ ਖਿਲਾਫ਼ ਰੋਸ ਧਰਨਾ ਵੀ ਸ਼ੁਰੂ ਕਰ ਦਿੱਤਾ ਗਿਆ। ਇਸ ਦੌਰਾਨ ਯੂਟੀ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਪਿੰਡ ਦੇ ਅੱਡੇ ਵਿੱਚ ਸ਼ੁਰੂ ਕੀਤੇ ਗਏ ਰੋਸ ਧਰਨੇ ਵਿੱਚ ਸ਼ਾਮਿਲ ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਦੀ ਕੇਂਦਰੀ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ, ਰਾਜਪਾਲ ਸਿੰਘ, ਰਾਜਾ, ਨੰਬਰਦਾਰ, ਬਲਬੀਰ ਸਿੰਘ ਰਾਣਾ ਤੇ ਹੋਰਾਂ ਨੇ ਕਿਹਾ ਕਿ ਪਿੰਡ ਵਿੱਚ ਕੁਝ ਕਿਸਾਨਾਂ ਨੇ ਆਪਣੀਆਂ ਜ਼ਰੂਰਤਾਂ ਮੁਤਾਬਕ ਟਰੈਕਟਰ ਆਦਿ ਖੜ੍ਹੇ ਕਰਨ ਅਤੇ ਡੇਅਰੀ ਫਾਰਮ ਆਦਿ ਦੇ ਲਈ ਸ਼ੈੱਡ ਬਣਾਏ ਹੋਏ ਹਨ ਜਿਨ੍ਹਾਂ ਨੂੰ ਤੋੜਨ ਲਈ ਯੂਟੀ ਪ੍ਰਸ਼ਾਸਨ ਤਰਲੋਮੱਛੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਕਿਸਾਨਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਪ੍ਰਸ਼ਾਸਨ ਖ਼ਿਲਾਫ਼ ਬੱਸ ਅੱਡੇ ਵਿੱਚ ਚੱਲ ਰਿਹਾ ਲਗਾਤਾਰ ਧਰਨਾ ਜਾਰੀ ਰਹੇਗਾ।