ਕੁਲਦੀਪ ਸਿੰਘ
ਚੰਡੀਗੜ੍ਹ, 20 ਮਾਰਚ
ਯੂਟੀ ਚੰਡੀਗੜ੍ਹ ਦੇ ਪਿੰਡਾਂ ਵਿੱਚ ਲਾਲ ਲਕੀਰ ਤੋਂ ਬਾਹਰ ਬਣੇ ਮਕਾਨਾਂ ਨੂੰ ਪ੍ਰਸ਼ਾਸਨ ਵੱਲੋਂ ਤੋੜੇ ਜਾਣ ਦਾ ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਵੱਲੋਂ ਗੰਭੀਰ ਨੋਟਿਸ ਲੈਂਦਿਆਂ ਪ੍ਰਸ਼ਾਸਨ ਖਿਲਾਫ਼ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਗਈ ਹੈ। ਪ੍ਰਧਾਨ ਨੰਬਰਦਾਰ ਦਲਜੀਤ ਸਿੰਘ ਪਲਸੌਰਾ ਅਤੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਸੋਮਲ ਨੇ ਕਿਹਾ ਕਿ ਪਿਛਲੇ ਦਿਨੀਂ ਵੀ ਪਿੰਡ ਮਲੋਆ ਵਿੱਚ ਕਿਸਾਨਾਂ ਵੱਲੋਂ ਖੇਤੀਬਾੜੀ ਦਾ ਸਾਮਾਨ ਅਤੇ ਆਪਣੇ ਪਸ਼ੂਆਂ ਲਈ ਆਪਣੀ ਜ਼ਮੀਨ ਵਿੱਚ ਆਰਜ਼ੀ ਤੌਰ ’ਤੇ ਬਣਾਏ ਗਏ ਟੀਨ ਦੇ ਸ਼ੈੱਡ ਨੂੰ ਪ੍ਰਸ਼ਾਸਨ ਵੱਲੋਂ ਤੋੜਿਆ ਗਿਆ ਸੀ। ਕਮੇਟੀ ਪ੍ਰਸ਼ਾਸਨ ਨੂੰ ਅਪੀਲ ਕਰਦੀ ਹੈ ਕਿ ਜਿਨ੍ਹਾਂ ਦੇ ਵੀ ਪਿਛਲੇ ਦਿਨਾਂ ਵਿੱਚ ਸ਼ੈੱਡ ਤੋੜੇ ਗਏ ਹਨ, ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇੇ। ਆਗੂਆਂ ਨੇ ਮੰਗ ਕੀਤੀ ਕਿ ਚੰਡੀਗੜ੍ਹ ਬਿਜਲੀ ਵਿਭਾਗ ਦੇ ਨਿੱਜੀਕਰਨ ਅਤੇ ਸੰਘਰਸ਼ ਕਰਨ ਵਾਲੇ ਮੁਲਾਜ਼ਮਾਂ ਦੀ ਨੌਕਰੀ ਬਹਾਲੀ ਕੀਤੀ ਜਾਵੇ ਅਤੇ ਜਿਹੜੇ ਮੁਲਾਜ਼ਮਾਂ ਉੱਤੇ ਪਰਚੇ ਕੀਤੇ ਗਏ ਹਨ, ਉਹ ਰੱਦ ਕੀਤੇ ਜਾਣ।
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਨੂੰ ਪਹਿਲੀ ਤੇ ਪ੍ਰਸ਼ਾਸਕੀ ਭਾਸ਼ਾ ਬਣਾਉਣ ਲਈ ਉਲੀਕੇ ਰਾਜ ਭਵਨ ਦੇ ਘਿਰਾਓ ਦਾ ਵੀ ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਸਮਰਥਨ ਕਰਦੀ ਹੈ।